ਪ੍ਰਭੂ ਦਿਆਲ

ਸਿਰਸਾ, 21 ਫਰਵਰੀ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਪੁਲੀਸ ਦੀਆਂ ਲਾਈਆਂ ਰੋਕਾਂ ਨੂੰ ਹਟਾਉਦੇ ਹੋਏ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਅੱਗੇ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕਰਕੇ ਧਰਨਾ ਦਿੱਤਾ। ਇਸ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਕਾਫੀ ਦੇਰ ਤੱਕ ਧੱਕਾਮੁੱਕੀ ਵੀ ਹੋਈ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਕਿਸਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਇਕੱਠੇ ਹੋਏ, ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਸਿਰਸਾ ਤੋਂ ਭਾਜਪਾ ਦੇ ਦਫ਼ਤਰ ਵੱਲ ਕੂਚ ਕੀਤਾ। ਕਿਸਾਨਾਂ ਨੂੰ ਰੋਕਣ ਲਈ ਪਹਿਲਾਂ ਭਾਜਪਾ ਦੇ ਦਫ਼ਤਰ ਨੇੜੇ ਪੁਲੀਸ ਨੇ ਬੈਰੀਕੇਡ ਲਾਏ ਹੋਏ ਸਨ ਪਰ ਕਿਸਾਨ ਭਾਜਪਾ ਦੇ ਦਫ਼ਤਰ ਵੱਲ ਜਾਣ ਦੀ ਬਜਾਏ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਵੱਲ ਚੱਲ ਪਏ, ਜਿਸ ਮਗਰੋਂ ਪੁਲੀਸ ਨੇ ਕਿਸਾਨਾਂ ਨੂੰ ਸੰਸਦ ਮੈਂਬਰ ਤੇ ਘਰ ਤੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਅੱਗੇ ਸਰਕਾਰ ਦਾ ਪੁਤਲਾ ਫੂਕਣ ਲਈ ਬਾਜ਼ਿੱਦ ਸਨ। ਇਸ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਾਲੇ ਕਾਫੀ ਦੇਰ ਤੱਕ ਧੱਕਾ ਮੁਕੀ ਹੋਈ। ਇਸ ਮਗਰੋਂ ਕਿਸਾਨਾਂ ਦਾ ਇਕ ਹੋਰ ਜੱਥਾ ਐੱਮਪੀ ਦੇ ਘਰ ਅੱਗੇ ਪਹੁੰਚ ਗਿਆ, ਜਿਸ ਮਗਰੋਂ ਪੁਲੀਸ ਵੱਲੋਂ ਦੂਜੇ ਪਾਸੇ ਲਾਏ ਗਏ ਬੈਰੀਕੇਡ ਨੂੰ ਕਿਸਾਨਾਂ ਨੇ ਪਾਸੇ ਹਟਾ ਦਿੱਤਾ ਤੇ ਐੱਮਪੀ ਦੇ ਘਰ ਦੇ ਨੇੜੇ ਪੁੱਜ ਗਏ, ਜਿਥੇ ਉਨ੍ਹਾਂ ਨੇ ਧਰਨਾ ਦਿੱਤਾ ਤੇ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਐੱਮਐੱਸਪੀ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਨ੍ਹਾਂ ਦਾ ਇਹ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here