ਅਵਿਜੀਤ ਪਾਠਕ*

ਇੱਕ ਨੌਜਵਾਨ ਵਿਦਿਆਰਥੀ ਨਾਲ ਮੇਰਾ ਬਹੁਤ ਤੇਹ ਹੈ ਅਤੇ ਪਿਛਲੇ ਕੁਝ ਅਰਸੇ ਤੋਂ ਮੈਂ ਉਸ ਵਿੱਚ ਆਈ ਤਬਦੀਲੀ ਨੂੰ ਗਹੁ ਨਾਲ ਵਾਚ ਰਿਹਾ ਹਾਂ। ਕਦੇ ਉਹ ਹਰ ਵਕਤ ਹੱਸਦਾ ਖੇਡਦਾ ਰਹਿੰਦਾ ਸੀ। ਸਾਈਕਲਿੰਗ ਤੋਂ ਲੈ ਕੇ ਫੁਟਬਾਲ, ਚੰਗਾ ਸਾਹਿਤ ਪੜ੍ਹਨ ਤੋਂ ਲੈ ਕੇ ਚਿੰਤਨਸ਼ੀਲ ਲੇਖ ਅਤੇ ਲਘੂ ਕਹਾਣੀਆਂ ਲਿਖਣ ਤੱਕ ਉਹ ਹਰ ਕੰਮ ਲਈ ਊਰਜਾ ਨਾਲ ਲਬਾਲਬ ਭਰਿਆ ਰਹਿੰਦਾ ਸੀ। ਅੱਜਕੱਲ੍ਹ ਉਹ ਤਣਾਅਗ੍ਰਸਤ, ਡਰਿਆ ਸਹਿਮਿਆ, ਉੱਖੜਿਆ ਅਤੇ ਬੇਲਾਗ ਜਿਹਾ ਰਹਿੰਦਾ ਹੈ। ਪਿੱਛੇ ਜਿਹੇ ਉਸ ਨੇ ਬਾਰ੍ਹਵੀਂ ਕਲਾਸ ਦੀ ਬੋਰਡ ਪ੍ਰੀਖਿਆ ਦਿੱਤੀ ਸੀ। ਇਸ ਦਾ ਵੀ ਕੋਈ ਖ਼ਾਸ ਲਾਭ ਨਾ ਹੋਇਆ ਤੇ ਉਸ ਨੂੰ ਚਿੰਤਾ ਰਹਿੰਦੀ ਹੈ ਕਿ ਉਹ ਭੌਤਿਕ ਵਿਗਿਆਨ ਦੇ ਪੰਜ ਪੰਜ ਅੰਕਾਂ ਦੇ ਪ੍ਰਸ਼ਨ ਹੱਲ ਨਹੀਂ ਸੀ ਕਰ ਸਕਿਆ ਜਿਸ ਕਰ ਕੇ ਉਸ ਨੂੰ ਸ਼ੱਕ ਹੈ ਕਿ ਉਹ ਘੱਟੋਘੱਟ 97 ਫ਼ੀਸਦੀ ਅੰਕ ਹਾਸਲ ਕਰ ਸਕੇਗਾ ਜਾਂ ਨਹੀਂ। ਇਹੀ ਨਹੀਂ, ਸਗੋਂ ਹੁਣ ਉਸ ਨੂੰ ਜੇਈਈ, ਨੀਟ, ਸੀਯੂਈਟੀ ਜਿਹੇ ਕਈ ਮਿਆਰੀ ਇਮਤਿਹਾਨਾਂ ਵਿੱਚ ਆਪਣੀ ਕਾਬਲੀਅਤ ਸਿੱਧ ਕਰਨੀ ਪੈਣੀ ਹੈ ਜਿਸ ਕਰ ਕੇ ਉਸ ਦਾ ਹਾਸਾ ਠੱਠਾ, ਅਠਖੇਲਪੁਣਾ, ਨੀਂਦ ਅਤੇ ਜ਼ਿੰਦਗੀ ਦੀ ਊਰਜਾ ਸਭ ਉੱਡ ਗਏ ਹਨ।

ਇਹ ਕਹਾਣੀ ਸਿਰਫ਼ ਮੇਰੇ ਜਾਣੂੰ ਇੱਕ ਮੁੰਡੇ ਦੀ ਨਹੀਂ ਹੈ। ਜੇ ਤੁਸੀਂ ਆਪਣੇ ਆਸ-ਪਾਸ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕਰੋਗੇ ਅਤੇ ਸਕੂਲ ਤੋਂ ਕੋਚਿੰਗ ਕੇਂਦਰਾਂ ਤੱਕ ਉਨ੍ਹਾਂ ਦੇ ਰੋਜ਼ਮੱਰ੍ਹਾ ਦੇ ਸੰਘਰਸ਼ ਦੀ ਕਹਾਣੀ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਿੱਖਿਆ ਦਾ ਇੱਕ ਵਿਸ਼ੈਲਾ ਸੱਭਿਆਚਾਰ ਸਾਡੇ ਬੱਚਿਆਂ ਨੂੰ ਨਿਗਲਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਖ਼ੁਸ਼ੀਆਂ ਤੇ ਜਗਿਆਸਾ ਖੋਹ ਕੇ ਉਨ੍ਹਾਂ ਨੂੰ ਬੇਚੈਨ ਅਤੇ ਨਾਖ਼ੁਸ਼ ਪੀੜ੍ਹੀ ਵਿੱਚ ਬਦਲਦਾ ਜਾ ਰਿਹਾ ਹੈ।

ਮੈਂ ਇਹ ਕਿਉਂ ਆਖ ਰਿਹਾ ਹਾਂ ਕਿ ਇਸ ਪੀੜ੍ਹੀ ਨੂੰ ਸਿੱਖਿਆ ਦੇ ਨਾਂ ’ਤੇ ਜੋ ਕੁਝ ਮਿਲ ਰਿਹਾ ਹੈ, ਉਹ ਜ਼ਹਿਰੀਲਾ/ਵਿਸ਼ੈਲਾ ਹੈ? ਇਸ ਦੇ ਚਾਰ ਕਾਰਨ ਹਨ। ਪਹਿਲਾ, ਟੈਸਟਾਂ ਤੇ ਇਮਤਿਹਾਨਾਂ ਨੂੰ ਲੋੜੋਂ ਵੱਧ ਅਹਿਮੀਅਤ ਦਿੱਤੇ ਜਾਣ ਨਾਲ ਸਿੱਖਣ ਦਾ ਚਾਅ ਹੀ ਖ਼ਤਮ ਹੁੰਦਾ ਜਾ ਰਿਹਾ ਹੈ। ਸਿੱਖਣ ਸਿਖਾਉਣ ਦਾ ਸਾਰਥਕ ਸੱਭਿਆਚਾਰ ਪੈਦਾ ਕਰਨ ਲਈ ਤਣਾਅਮੁਕਤ ਸਮਾਜਿਕ ਅਤੇ ਤਾਲੀਮੀ ਮਾਹੌਲ ਦਰਕਾਰ ਹੁੰਦਾ ਹੈ ਤਾਂ ਕਿ ਹਰੇਕ ਵਿਅਕਤੀ ਦੀ ਰੁਚੀ ਅਤੇ ਹੁਨਰ ਦੇ ਆਧਾਰ ’ਤੇ ਅੰਤਰ-ਤਲਾਸ਼ ਅਤੇ ਅੰਤਰ ਵਿਕਾਸ ਕੀਤਾ ਜਾ ਸਕੇ। ਹਫ਼ਤਾਵਾਰੀ, ਮਾਸਿਕ ਜਾਂ ਸਾਲਾਨਾ ਟੈਸਟਾਂ ਦੇ ਅਮੁੱਕ ਚੱਕਰ ਜਾਂ ਬੇਹੱਦ ਜਟਿਲ ਮਿਆਰੀ ਟੈਸਟਾਂ ਦੀ ਲੜੀ ਦੇ ਜ਼ਰੀਏ ਕਿਸੇ ਵਿਅਕਤੀ ਦੀ ਭੌਤਿਕ ਵਿਗਿਆਨ, ਗਣਿਤ ਜਾਂ ਅੰਗਰੇਜ਼ੀ ਦੇ ਗਿਆਨ ਦੀ ਕਾਬਲੀਅਤ ਨੂੰ ਪਰਖਣ, ਅੰਗਣ ਦੇ ਅੰਨ੍ਹੇਵਾਹ ਦਬਾਅ ਕਰ ਕੇ ਸਿੱਖਣ ਦੀ ਲੈਅ ਭੰਗ ਹੋ ਜਾਂਦੀ ਹੈ ਅਤੇ ਇਸ ਨਾਲ ਤਣਾਅ, ਡਰ ਅਤੇ ਨਿਰੰਤਰ ਮਾਨਸਿਕ ਪੀੜ ਪੈਦਾ ਹੁੰਦੀ ਹੈ। ਦੂਜਾ, ਇਸ ਕਰਕੇ ਸਮਾਜਿਕ ਮੇਲ-ਜੋਲ, ਸਹਿਯੋਗੀ ਭਾਵ ਅਤੇ ਆਲੋਚਨਾਤਮਕ ਸਿੱਖਿਆ ਦੀ ਤਰਜ਼ ਟੁੱਟ ਜਾਂਦੀ ਹੈ। ਇਸ ਦੀ ਬਜਾਏ ਅਤਿ ਮੁਕਾਬਲੇਬਾਜ਼ੀ ਦਾ ਵਾਇਰਸ ਅਤੇ ਸਾੜਾ, ਇਕਲਾਪਾ ਤੇ ਸਵਾਰਥ ਦੇ ਲੱਛਣ ਨੌਜਵਾਨ ਵਿਦਿਆਰਥੀਆਂ ਦੇ ਮਾਨਸਿਕ ਧਰਾਤਲ ਨੂੰ ਪਲੀਤ ਕਰ ਦਿੰਦੇ ਹਨ। ਸਿੱਖਿਆ ਦੇ ਇਸ ਸੱਭਿਆਚਾਰ ਕਰਕੇ ਹੀ ਸਾਡੇ ਬੱਚਿਆਂ ਲਈ ਨਿਮਰਤਾ, ਖਲੂਸ ਅਤੇ ਸੰਵਾਦ, ਸਹਿਯੋਗ ਅਤੇ ਕਰੁਣਾ ਦੇ ਅਸੂਲਾਂ ਜ਼ਰੀਏ ਸਮੂਹਿਕ ਉਥਾਨ ਜਿਹੀਆਂ ਨਾਗਰਿਕ ਅੱਛਾਈਆਂ ਨੂੰ ਸਿੱਖਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ ਜੋ ਕਿ ਸਿਹਤਮੰਦ ਜਮਹੂਰੀ ਸਮਾਜ ਸਿਰਜਣ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ। ਤੀਜਾ, ਇਸ ਨੂੰ ਸਫ਼ਲਤਾ ਦੀਆਂ ਕਹਾਣੀਆਂ (ਕਿਵੇਂ ਬੋਰਡ ਪ੍ਰੀਖਿਆਵਾਂ ਅਤੇ ਨੀਟ ਤੇ ਜੇਈਈ ਜਿਹੇ ਟੈਸਟਾਂ ਦੇ ਟੌਪਰਾਂ ਦੇ ਯਕਦਮ ਸਟਾਰਡਮ ਦਾ ਢੋਲ ਪਿੱਟਿਆ ਜਾਂਦਾ ਹੈ) ਦਾ ਇੰਨਾ ਖ਼ਬਤ ਹੈ ਕਿ ਇਹ ਸੁਤੇ ਸਿੱਧ ਇਨ੍ਹਾਂ ਕੁਝ ਕੁ ਚਮਕਦੇ ਸਿਤਾਰਿਆਂ ਦੇ ਆਸ-ਪਾਸ ਨਾਕਾਮੀਆਂ ਦੀਆਂ ਗਾਥਾਵਾਂ ਖੜ੍ਹੀਆਂ ਕਰ ਦਿੰਦਾ ਹੈ।

ਹਰ ਸਾਲ ਅਸੀਂ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ ਇਸ ਅਹਿਸਾਸ ਨਾਲ ਭਰ ਦਿੰਦੇ ਹਾਂ ਕਿ ਇਨ੍ਹਾਂ ਟੈਸਟਾਂ ’ਚੋਂ ਚੰਗੇ ਨੰਬਰ ਨਾ ਲੈ ਸਕਣ ਕਰਕੇ ਉਹ ਡਾਕਟਰ, ਇੰਜੀਨੀਅਰ ਨਹੀਂ ਬਣ ਸਕਣਗੇ, ਇਸ ਲਈ ਉਹ ਨਖਿੱਧ ਹਨ; ਅਸੀਂ ਉਨ੍ਹਾਂ ਨੂੰ ਇਸ ਦਾਗ਼, ਹਿਕਾਰਤ ਅਤੇ ਆਪਾ-ਮਾਰੂ ਬਿਰਤੀਆਂ ਨਾਲ ਰਹਿਣ ਲਈ ਮਜਬੂਰ ਕਰ ਦਿੰਦੇ ਹਾਂ। ਇਸ ਵਿਸ਼ੈਲੀ ਸਿੱਖਿਆ ਦਾ ਚੌਥਾ ਕਾਰਨ ਇਹ ਹੈ ਕਿ ਇਹ ਇੱਕ ਦਿਸ਼ਾਵੀ ਹੈ। ਸੰਦਮੂਲਕ ਤਰਕਪੁਣੇ ਦੇ ਨੁਕਤੇ ਤੋਂ ਸਿੱਖਿਅਤ ਅਤੇ ਹੋਣਹਾਰ ਦਾ ਇੱਕੋ ਇੱਕ ਮੰਤਵ ਟੈਕਨੋ-ਕਾਰਪੋਰੇਟ ਜਗਤ ਵਿੱਚ ਭਾਰੀ ਭਰਕਮ ਉਜਰਤਾਂ ਵਾਲੀਆਂ ਨੌਕਰੀਆਂ ਦੀ ਪ੍ਰਾਪਤੀ ਬਣ ਕੇ ਰਹਿ ਗਈ ਹੈ ਜਿਸ ਨਾਲ ਬਾਕੀ ਸਾਰੇ ਕੰਮਾਂ ਦੀ ਵੁੱਕਤ ਘਟ ਗਈ ਹੈ। ਇਸ ਤੋਂ ਇਲਾਵਾ ਇਸ ਨੇ ਮਾਨਵਵਾਦੀ ਸਿੱਖਿਆ ਦੇ ਅਸੂਲ ਦੀ ਵੀ ਕਦਰ ਮਾਰ ਦਿੱਤੀ ਹੈ। ਸ਼ਾਇਦ, ਨੀਤੀ ਨਿਰਧਾਰਕ ਤੇ ਅਕਾਦਮਿਕ ਪ੍ਰਬੰਧਕ, ਜਿਹੜੇ ਸਿੱਖਿਆ ਖੇਤਰ ਨੂੰ ਚਲਾਉਂਦੇ ਹਨ, ਇੱਕ ਪੀੜ੍ਹੀ ਨੂੰ ਰੋਬੌਟਿਕਸ ਤੇ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਵਰਗੇ ਵਿਸ਼ਿਆਂ ਲਈ ਹੀ ਤਿਆਰ ਕਰਨ ਦੀ ਯੋਜਨਾ ਘੜ ਰਹੇ ਹਨ ਪਰ ਮਹਾਨ ਕਾਵਿ, ਸਾਹਿਤ ਦੇ ਖ਼ਜ਼ਾਨੇ ਅਤੇ ਅਧਿਆਤਮ/ਫਲਸਫ਼ਿਆਂ ਦੇ ਵਿਸ਼ਿਆਂ ਪ੍ਰਤੀ ਉਹ ਅਵੇਸਲੇ ਹਨ ਜੋ ਸਾਡੀ ਰੂਹ ਨੂੰ ਜਗਾਉਣ ਦਾ ਜ਼ਰੀਆ ਹਨ, ਹਨੇਰੇ ਤੋਂ ਰੌਸ਼ਨੀ ਵੱਲ ਜਾਂ ਹਉਮੈ ਤੋਂ ਪਰਮਾਰਥ ਵੱਲ ਲਿਜਾ ਸਕਦੇ ਹਨ। ਅਸਲ ’ਚ, ਇੱਥੇ ਇੱਕ ਅਜਿਹੀ ਪੀੜ੍ਹੀ ਹੈ ਜੋ ਤਕਨੀਕੀ ਤੌਰ ’ਤੇ ਤਾਂ ਹੁਨਰਮੰਦ ਹੈ ਪਰ ਨੈਤਿਕ ਪੱਖ ਤੋਂ ਕੰਗਾਲ ਹੈ। ਦੁੱਖ ਇਸੇ ਗੱਲ ਦਾ ਹੈ।

ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਸਾਡੇ ਬੱਚਿਆਂ ਨੂੰ ਕਦੇ ਇਸ ਜ਼ਹਿਰੀਲੇ ਸੱਭਿਆਚਾਰ ਤੋਂ ਮੁਕਤੀ ਮਿਲੇਗੀ ਜਾਂ ਨਹੀਂ। ਪਰ ਫਿਰ ਵੀ, ‘ਇੱਛਾ ਸ਼ਕਤੀ ਨਾਲ ਆਸ਼ਾਵਾਦੀ ਬਣ ਕੇ’ ਸਾਨੂੰ ਅਧਿਆਪਕਾਂ ਤੇ ਮਾਪਿਆਂ ਵਜੋਂ ਸਿੱਖਿਆ ’ਤੇ ਨਵੀਂ ਚਰਚਾ ਛੇੜਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਹਾਲੇ ਵੀ ਅਧਿਆਪਨ ਦੇ ਕਿੱਤੇ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਉਦਾਰਵਾਦੀ ਵਿੱਦਿਆ ਜਾਂ ਕਲਾਸਰੂਮ ਦਾ ਜਮਹੂਰੀ ਚਰਿੱਤਰ ਕਾਇਮ ਰੱਖਣ ਦੀ ਅਹਿਮੀਅਤ ਉੱਤੇ ਜ਼ੋਰ ਦੇਣ। ਜਦੋਂ ਤੱਕ ਅਧਿਆਪਕਾਂ ਵਜੋਂ ਅਸੀਂ ਖੜ੍ਹੇ ਨਹੀਂ ਹੁੰਦੇ, ਆਪਣੇ ਆਪ ’ਤੇ ਕੰਮ ਨਹੀਂ ਕਰਦੇ, ਆਤਮ-ਵਿਸ਼ਵਾਸ ਨਾਲ ਭਰੇ/ਜਾਗਰੂਕ ਸਿੱਖਿਅਕ ਤੇ ਬੌਧਿਕ ਦੀ ਭੂਮਿਕਾ ਨਹੀਂ ਨਿਭਾਉਂਦੇ- ਉਦੋਂ ਤੱਕ ਨਾ ਤਾਂ ਪ੍ਰਸ਼ਾਸਕੀ ਤੰਤਰ ਹਿੱਲੇਗਾ ਤੇ ਨਾ ਹੀ ਉਨ੍ਹਾਂ ਨੀਤੀਆਂ ਦੇ ਸੁਸਤ ਪੈਰੋਕਾਰਾਂ ਨੂੰ ਕੋਈ ਫ਼ਰਕ ਪਏਗਾ ਜਿਹੜੀਆਂ ਗਿਣਤੀ ਦੇ ਚੋਣਵੇਂ ਤਕਨੀਕੀ ਪੇਸ਼ੇਵਰਾਂ ਤੇ ਕਾਰਪੋਰੇਟ ਹਸਤੀਆਂ ਵੱਲੋਂ ਤੈਅ ਕੀਤੀਆਂ ਜਾਂਦੀਆਂ ਹਨ ਜਦੋਂਕਿ ਇਹ ਬੱਚਿਆਂ ਦੀ ਦੁਨੀਆ ਜਾਂ ਅਧਿਆਪਨ/ਸਿੱਖਿਆ ਦੇ ਤੌਰ-ਤਰੀਕਿਆਂ ਤੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ। ਜਦ ਤੱਕ ਸਿੱਖਿਆ ਨੂੰ ਬਚਾਉਣ ਦੀ ਮੁਹਿੰਮ ਨਹੀਂ ਵਿੱਢੀ ਜਾਂਦੀ, ਆਸ ਦੀ ਕੋਈ ਕਿਰਨ ਨਹੀਂ ਹੈ।

ਇਸੇ ਤਰ੍ਹਾਂ, ਮਾਪਿਆਂ ਲਈ ਵੀ ਇਹ ਮਹੱਤਵਪੂਰਨ ਹੈ ਕਿ ਉਹ ਇਸ ਤੱਥ ਨੂੰ ਸਮਝਣ ਤੇ ਸਲਾਹੁਣ ਕਿ ਹਰ ਬੱਚਾ ਵਿਲੱਖਣ ਹੁੰਦਾ ਹੈ ਤੇ ਕਾਬਲੀਅਤ ਜਾਂ ਵਿਵੇਕ ਦਾ ਕੋਈ ਮਾਪ ਜਾਂ ਸਥਾਈ ਧਾਰਨਾ ਨਹੀਂ ਹੈ। ਜੇਕਰ ਤੁਹਾਡੇ ਬੱਚੇ/ਬੱਚੀ ਨੂੰ ਵਿਗਿਆਨ ਵਿਸ਼ਾ ਨਹੀਂ ਪਸੰਦ ਤਾਂ ਇਸ ’ਚ ਕੁਝ ਵੀ ਗ਼ੈਰ-ਕੁਦਰਤੀ ਨਹੀਂ ਹੈ; ਜੇ ਉਹ ‘ਗਣਿਤ ਓਲੰਪਿਆਡ’ ਵਰਗੇ ਟੈਸਟਾਂ ਨਾਲ ਨਫ਼ਰਤ ਕਰਦਾ ਹੈ ਤਾਂ ਇਹ ਉਸ ਦੀ ਗ਼ਲਤੀ ਨਹੀਂ ਹੈ। ਉਸ ਅੰਦਰਲੇ ਸੰਸਾਰ ਪ੍ਰਤੀ ਸੰਵੇਦਨਾ ਰੱਖਣ ਨਾਲ ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਸ ਨੂੰ ਹੋਰ ਤਰ੍ਹਾਂ ਦੇ ਗੁਣਾਂ ਜਾਂ ਯੋਗਤਾ ਦੀ ਬਖ਼ਸ਼ਿਸ਼ ਹੋਈ ਹੈ- ਜਿਵੇਂ ਕਿ ਚਿੱਤਰਕਾਰੀ, ਸੰਗੀਤ ਜਾਂ ਸਮਾਜ ਸੇਵਾ। ਅਸੀਂ ਇਸ ਗੱਲ ਨੂੰ ਕਦੋਂ ਸਮਝਾਂਗੇ ਕਿ ਬਾਜ਼ਾਰ ਦੀਆਂ ਵੀ ਨੈਤਿਕ ਹੱਦਾਂ ਹਨ ਤੇ ਜੇਕਰ ਸਾਡਾ ਬੱਚਾ ਘੱਟ ਤਨਖ਼ਾਹ ’ਚ, ਪਰ ਆਪਣੀ ਵਿਲੱਖਣ ਯੋਗਤਾ ਮੁਤਾਬਿਕ ਨੌਕਰੀ ਕਰਕੇ ਖ਼ੁਸ਼ ਹੈ ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ‘ਸਫ਼ਲ’ ਵਿਦਿਆਰਥੀਆਂ ਵੱਲੋਂ ਅਪਣਾਏ ਜਾਂਦੇ ਰਸਤੇ ਨੂੰ ਹੀ ਚੁਣਨ ਦੀ ਚੂਹਾ ਦੌੜ ’ਚ ਭੱਜ ਕੇ ਆਪਣੀ ਵਿਲੱਖਣ ਯੋਗਤਾ ਨੂੰ ਬੇਕਾਰ ਕਰਨ ਨਾਲੋਂ ਬੁਰਾ ਜ਼ਿੰਦਗੀ ’ਚ ਕੁਝ ਹੋਰ ਨਹੀਂ ਹੈ। ਹਾਲਾਂਕਿ ਅਜਿਹੇ ਪਾਗਲਪਣ ਨੂੰ ਸਿੱਖਿਆ ਦੇ ਇਸ ਜ਼ਹਿਰੀਲੇ ਸੱਭਿਆਚਾਰ ਨੇ ਹੁਣ ਆਮ ਬਣਾ ਦਿੱਤਾ ਹੈ।

* ਲੇਖਕ ਸਮਾਜ ਸ਼ਾਸਤਰੀ ਹੈ।

LEAVE A REPLY

Please enter your comment!
Please enter your name here