ਨਿੱਜੀ ਪੱਤਰ ਪ੍ਰੇਰਕ

ਜਲੰਧਰ, 25 ਅਪਰੈਲ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਘਿਰਾਓ ਕੀਤਾ ਗਿਆ। ਭਾਜਪਾ ਉਮੀਦਵਾਰ ਜਦੋਂ ਸ਼ਾਮ ਨੂੰ ਨਕੋਦਰ ਵਿੱਚ ਡਾ. ਭੀਮ ਰਾਓ ਅੰਬੇਡਕਰ ਚੌਕ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਭਾਜਪਾ ਉਮੀਦਵਾਰ ਰਿੰਕੂ ਦੇ ਹਮਾਇਤੀ ਵੀ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗ ਪਏ। ਕਿਸਾਨਾਂ ਦੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਨੇ ਦਲਿਤ ਪੱਤਾ ਖੇਡਦਿਆਂ ਦਲਿਤ ਸਮਾਜ ਨੂੰ ਸੱਦਾ ਦਿੱਤਾ ਕਿ ਉਹ ਕਿਸਾਨਾਂ ਦਾ ਬਾਈਕਾਟ ਕਰਨ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਇਹ ਕਿਸਾਨ ਨਹੀਂ ਗੁੰਡੇ ਹਨ। ਉਨ੍ਹਾਂ ਕਿਹਾ,‘‘ਉਹ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਸਨ, ਇਹ ਗੁੰਡੇ ਸਾਨੂੰ ਰੋਕ ਰਹੇ ਸਨ।’’ ਦੋਹਾਂ ਧਿਰਾਂ ਵਿੱਚ ਵਧੇ ਤਣਾਅ ਨੂੰ ਪੁਲੀਸ ਨੇ ਬੜੀ ਮੁਸ਼ਕਿਲ ਨਾਲ ਸ਼ਾਂਤ ਕਰਵਾਇਆ। ਇਸ ਤੋਂ ਪਹਿਲਾਂ ਮਹਿਤਪੁਰ ਵਿੱਚ ਵੀ ਰਿੰਕੂ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ। ਕਿਸਾਨਾਂ ਨੇ ਕਿਹਾ ਕਿ ਉਹ ਵੋਟਾਂ ਮੰਗਣ ਵਾਲੇ ਭਾਜਪਾ ਉਮੀਦਵਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਨੀਆਂ ਚਾਹੁੰਦੇ ਹਨ।

 

LEAVE A REPLY

Please enter your comment!
Please enter your name here