ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਅਪਰੈਲ

ਭਾਰਤੀ ਯੂਥ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਝੂਠੇ ਬਿਆਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੂਥ ਕਾਂਗਰਸ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਕਾਪੀ ਭੇਜੀ। ਬਹੁਤ ਸਾਰੇ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਂਗਰਸ ਦੇ ਮੈਨੀਫੈਸਟੋ ਦੀਆਂ ਕਾਪੀਆਂ ਭੇਜੀਆਂ ਅਤੇ ਉਨ੍ਹਾਂ ਨੂੰ ਨਫ਼ਰਤ ਦੀ ਰਾਜਨੀਤੀ ਅਤੇ ਝੂਠ ਦੀ ਦੁਕਾਨ ਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਹਾਰ ਦੇ ਡਰ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਖੁੱਲ੍ਹੇਆਮ ਨਫ਼ਰਤ ਦੇ ਬੀਜ ਬੀਜ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ,‘‘ਜੇਕਰ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਕਿਤੇ ਵੀ ‘ਹਿੰਦੂ-ਮੁਸਲਿਮ’ ਸ਼ਬਦ ਲਿਖਿਆ ਹੈ ਤਾਂ ਦਿਖਾਓ। ਇਸ ਚੁਣੌਤੀ ਨੂੰ ਸਵੀਕਾਰ ਕਰੋ, ਜਾਂ ਝੂਠ ਬੋਲਣਾ ਬੰਦ ਕਰੋ। ਮੋਦੀ ਜੀ ਦੇ ਝੂਠ ਦਾ ਪੱਧਰ ਇੰਨਾ ਡਿੱਗ ਗਿਆ ਹੈ ਕਿ ਡਰ ਦੇ ਮਾਰੇ ਉਹ ਹੁਣ ਜਨਤਾ ਨੂੰ ਮੁੱਦਿਆਂ ਤੋਂ ਮੋੜਨਾ ਚਾਹੁੰਦੇ ਹਨ। ਮੋਦੀ ਜੀ ਨੇ ਜੋ ਕਿਹਾ ਉਹ ਨਿਸ਼ਚਿਤ ਤੌਰ ’ਤੇ ‘ਨਫ਼ਰਤ ਭਰਿਆ ਭਾਸ਼ਣ’ ਹੈ, ਇਹ ਧਿਆਨ ਭਟਕਾਉਣ ਦੀ ਸੋਚੀ ਸਮਝੀ ਚਾਲ ਹੈ। ਪ੍ਰਧਾਨ ਮੰਤਰੀ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਸੰਘ ਦੀਆਂ ਕਦਰਾਂ-ਕੀਮਤਾਂ ਵਿੱਚ ਮਿਲਿਆ।’’ ਕੌਮੀ ਪ੍ਰਧਾਨ ਨੇ ਕਿਹਾ,‘‘ਦੇਸ਼ ਦੇ 140 ਕਰੋੜ ਲੋਕ ਹੁਣ ਇਸ ਝੂਠ ਦਾ ਸ਼ਿਕਾਰ ਨਹੀਂ ਹੋਣਗੇ। ਸਾਡਾ ਮੈਨੀਫੈਸਟੋ ਹਰ ਭਾਰਤੀ ਲਈ ਹੈ ਇਹ ਸਾਰਿਆਂ ਲਈ ਬਰਾਬਰੀ ਦੀ ਗੱਲ ਕਰਦਾ ਹੈ। ਸਾਰਿਆਂ ਲਈ ਨਿਆਂ ਦੀ ਗੱਲ ਕਰਦਾ ਹੈ। ਭਾਰਤ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਦੀ ਇੱਜ਼ਤ ਨੂੰ ਓਨਾ ਨੀਵਾਂ ਨਹੀਂ ਕੀਤਾ ਜਿੰਨਾ ਮੋਦੀ ਨੇ ਕੀਤਾ ਹੈ।’’

LEAVE A REPLY

Please enter your comment!
Please enter your name here