ਬੀਰ ਇੰਦਰ ਸਿੰਘ ਬਨਭੌਰੀ

ਸੁਨਾਮ ਊਧਮ ਸਿੰਘ ਵਾਲਾ, 22 ਮਾਰਚ

ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਪਿਆ ਸੀ ਕਿ ਸੁਨਾਮ ਨੇੜਲੇ ਇਲਾਕੇ ਟਿੱਬੀ ਰਵਿਦਾਸਪੁਰਾ ’ਚ ਵੀ ਕਥਿਤ ਜ਼ਹਿਰੀਲੀ ਸ਼ਰਾਬ ਕਾਰਨ ਕਰੀਬ ਅੱਧਾ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲਾਂ ’ਚ ਇਲਾਜ ਲਈ ਭੇਜਿਆ ਗਿਆ ਹੈ। ਪ੍ਰਸ਼ਾਸਨਿਕ ਤੌਰ ’ਤੇ ਮ੍ਰਿਤਕਾਂ ਦੀ ਗਿਣਤੀ ਬੇਸ਼ਕ 4 ਦੱਸੀ ਜਾ ਰਹੀ ਹੈ ਪਰੰਤੂ ਇਲਾਕੇ ਦੇ ਲੋਕਾਂ ਮੁਤਾਬਕ 7 ਵਿਅਕਤੀਆਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕਿਸੇ ਪਾਸੋਂ ਮੁੱਲ ਲੈ ਕੇ ਸ਼ਰਾਬ ਪੀਤੀ ਸੀ ਜਿਸ ਮਗਰੋਂ ਉਨ੍ਹਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਸੀ। ਮ੍ਰਿਤਕ ਮਜ਼ਦੂਰ ਤਬਕੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਸੁਨਾਮ ਦੇ ਐੱਸਐੱਮਓ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਹਸਪਤਾਲ ਲਿਆਂਦੇ ਗਏ ਮਰੀਜ਼ਾਂ ਵਿਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ 7 ਨੂੰ ਸੰਗਰੂਰ ਅਤੇ 4 ਗੰਭੀਰ ਮਰੀਜ਼ਾਂ ਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਫਰ ਕੀਤੇ ਗਏ ਮਰੀਜ਼ਾਂ ਵਿਚੋਂ ਵੀ 4 ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ (45), ਲੱਛਾ ਸਿੰਘ (40), ਬੁੱਧ ਸਿੰਘ (70), ਦਰਸ਼ਨ ਸਿੰਘ ਪੁੱਤਰ ਕਪੂਰ ਸਿੰਘ, ਦਰਸ਼ਨ ਸਿੰਘ (ਸਾਰੇ ਟਿੱਬੀ ਰਵਿਦਾਸਪੁਰਾ) ਅਤੇ ਸਖੀ ਨਾਥ (65) ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਸਖੀ ਨਾਥ ਸਮਾਣਾ ਦਾ ਰਹਿਣ ਵਾਲਾ ਸੀ ਜੋ ਆਪਣੀ ਰਿਸ਼ਤੇਦਾਰੀ ਵਿਚ ਇੱਥੇ ਆਇਆ ਹੋਇਆ ਸੀ। ਇਸ ਤੋਂ ਇਲਾਵਾ ਜਖੇਪਲਵਾਸ ਦੇ ਗਿਆਨ ਸਿੰਘ (32) ਦੀ ਵੀ ਸ਼ਰਾਬ ਪੀਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਸੁਨਾਮ ਦੇ ਡੀਐੱਸਪੀ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਕਥਿਤ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਧਰਮਪਾਲ ਸਿੰਘ ਨੇ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਫੌਰੀ ਦਿੱਤੀ ਜਾਵੇ।

ਪਟਿਆਲਾ ’ਚ 12 ਵਿਅਕਤੀ ਜ਼ੇਰੇ ਇਲਾਜ

ਪਟਿਆਲਾ (ਸਰਬਜੀਤ ਸਿੰਘ ਭੰਗੂ): ਦਿੜਬਾ ਤੋਂ ਬਾਅਦ ਸੁਨਾਮ ਵਿਚ ਵਾਪਰੇ ਸ਼ਰਾਬ ਕਾਂਡ ਦੇ ਇੱਕ ਪੀੜਤ ਦੀ ਅੱਜ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਤਰਨਜੀਤ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ। ਇਸ ਤਰ੍ਹਾਂ ਦਿੜਬਾ ਅਤੇ ਸੁਨਾਮ ’ਚ ਸ਼ਰਾਬ ਕਾਂਡ ਕਾਰਨ ਰਾਜਿੰਦਰਾ ਹਸਪਤਾਲ ’ਚ ਦਮ ਤੋੜਨ ਵਾਲਿਆਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਹਸਪਤਾਲ ’ਚ ਇਹ ਲਾਸ਼ਾਂ ਅਜੇ ਪਈਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਦੇ ਵਾਰਸ ਦਸ-ਦਸ ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇੱਕ ਵਿਅਕਤੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੁਆਵਜ਼ਾ ਨਹੀਂ ਦੇਵੇਗੀ, ਉਦੋਂ ਤੱਕ ਉਹ ਲਾਸ਼ਾਂ ਦਾ ਪੋਸਟ ਮਾਰਟਮ ਨਹੀਂ ਹੋਣ ਦੇਣਗੇ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 12 ਹੋਰ ਵਿਅਕਤੀਆਂ ਦਾ ਵੀ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਗੁੱਜਰਾਂ ਸ਼ਰਾਬ ਕਾਂਡ: ਮ੍ਰਿਤਕਾਂ ਦੀ ਗਿਣਤੀ ਵਧ ਕੇ 10 ਹੋਈ

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪਿੰਡ ਗੁੱਜਰਾਂ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਹੋਰ ਮੌਤਾਂ ਹੋ ਗਈਆਂ ਹਨ। ਹੁਣ ਤੱਕ ਸ਼ਰਾਬ ਕਾਂਡ ’ਚ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿੰਡ ਦੇ ਜਰਨੈਲ ਸਿੰਘ ਉਰਫ਼ ਕਾਲਾ ਪੁੱਤਰ ਮਹਿੰਦਰ ਸਿੰਘ (47) ਦੀ ਸਵੇਰੇ ਪਟਿਆਲਾ ਦੇ ਹਸਪਤਾਲ ਅਤੇ ਜੀਤਾ ਸਿੰਘ ਪੁੱਤਰ ਗੁਰਦੇਵ ਸਿੰਘ (48) ਦੀ ਸ਼ਾਮ ਨੂੰ ਸਿਵਲ ਹਸਪਤਾਲ ਸੰਗਰੂਰ ’ਚ ਮੌਤ ਹੋਈ ਹੈ। ਹੁਣ ਤੱਕ ਇਕੱਲੇ ਪਿੰਡ ਗੁੱਜਰਾਂ ਵਿੱਚ ਮੌਤਾਂ ਦੀ ਗਿਣਤੀ 8 ਹੋ ਗਈ ਹੈ ਜਦਕਿ ਪਿੰਡ ਢੰਡੋਲੀ ਖੁਰਦ ’ਚ ਦੋ ਮੌਤਾਂ ਹੋਈਆਂ ਹਨ।

LEAVE A REPLY

Please enter your comment!
Please enter your name here