ਅੱਜ ਦੇ ਮੈਚ

ਚੇਨੱਈ ਸੁਪਰ ਕਿੰਗਜ਼

ਬਨਾਮ

ਕੋਲਕਾਤਾ ਨਾਈਟ ਰਾਈਡਰਜ਼

(ਰਾਤ 7:30 ਵਜੇ)

ਮੁੰਬਈ, 7 ਅਪਰੈਲ

ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਦਿੱਲੀ ਕੈਪੀਟਲਜ਼ ਨੂੰ 29 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੂੰ ਆਪਣੇ ਪਹਿਲੇ ਤਿੰਨ ਮੈਚਾਂ ’ਚ ਹਾਰ ਨਸੀਬ ਹੋਈ ਸੀ। ਮੁੰਬਈ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ’ਚ 5 ਵਿਕਟਾਂ ’ਤੇ 234 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਦਿੱਲੀ ਕੈਪੀਟਲਜ਼ 8 ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ।

ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਇੰਡੀਅਨਜ਼ ਨੂੰ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਇਸ਼ਾਨ ਕਿਸ਼ਨ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 80 ਦੌੜਾਂ ਜੋੜੀਆਂ। ਹਾਲਾਂਕਿ ਰੋਹਿਤ ਨੀਮ ਸੈਂਕੜਾ ਪੂਰਾ ਕਰਨੋਂ ਖੁੰਝ ਗਿਆ ਅਤੇ 49 ਦੌੜਾਂ ਬਣਾ ਕੇ ਆਊਟ ਹੋਇਆ। ਕਿਸ਼ਨ ਨੇ 42 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਹਾਰਦਿਕ ਪਾਂਡਿਆ ਨੇ 39 ਦੌੜਾਂ ਤੇ ਟਿਮ ਵੇਡ ਨੇ 45 ਦੌੜਾਂ ਦੀ ਪਾਰੀ ਖੇਡੀ। ਆਖਰੀ ਓਵਰਾਂ ’ਚ ਰੋਮਾਰੀਓ ਸ਼ੈਫਰਡ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ ਅਤੇ ਸਿਰਫ 10 ਗੇਂਦਾਂ ’ਤੇ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 234 ਦੌੜਾਂ ਤੱਕ ਪਹੁੰਚਾਇਆ। ਰੋਮਾਰੀਓ ਨੇ ਐਨਰਿਕ ਨੋਰਟੇ ਵੱਲੋਂ ਸੁੱਟੇ ਆਖਰੀ ਓਵਰ ’ਚ 32 ਦੌੜਾਂ ਬਣਾਈਆਂ। ਦਿੱਲੀ ਵੱਲੋਂ ਅਕਸ਼ਰ ਪਟੇਲ ਤੇ ਐਨਰਿਕ ਨੋਰਟੇ ਨੇ 2-2 ਵਿਕਟਾਂ ਲਈਆਂ। ਜਿੱਤ ਲਈ 235 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਦਿੱਲੀ ਕੈਪੀਟਲਜ਼ ਨੂੰ ਪ੍ਰਿਥਵੀ ਸ਼ਾਅ ਨੇ ਚੰਗੀ ਸ਼ੁਰੂਆਤ ਦਿੱਤੀ ਤੇ 66 ਦੌੜਾਂ ਦੀ ਪਾਰੀ ਖੇਡੀ। ਅਭਿਸ਼ੇਕ ਪੋਰੇਲ ਨੇ 41 ਤੇ ਟ੍ਰਿਸਟੀਅਨ ਸਟੱਬਸ ਨੇ 71 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ। -ਪੀਟੀਆਈ

ਲਖਨਊ ਨੇ ਗੁਜਰਾਤ ਨੂੰ 33 ਦੌੜਾਂ ਨਾਲ ਹਰਾਇਆ

ਲਖਨਊ: ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ ਪੰਜ ਵਿਕਟਾਂ ’ਤੇ 163 ਦੌੜਾਂ ਬਣਾਈਆਂ ਸਨ ਪਰ ਗੁਜਰਾਤ ਦੀ ਟੀਮ 18.5 ਓਵਰਾਂ ਵਿੱਚ 130 ਦੌੜਾਂ ’ਤੇ ਢੇਰੀ ਹੋ ਗਈ। ਲਖਨਊ ਵੱਲੋਂ ਯਸ਼ ਠਾਕੁਰ ਨੇ ਪੰਜ ਵਿਕਟਾਂ ਲਈਆਂ। -ਪੀਟੀਆਈ

LEAVE A REPLY

Please enter your comment!
Please enter your name here