ਬੀਰ ਇੰਦਰ ਸਿੰਘ ਬਨਭੌਰੀ

ਸੁਨਾਮ ਊਧਮ ਸਿੰਘ ਵਾਲਾ, 24 ਮਾਰਚ

ਇਸ ਸ਼ਹਿਰ ਦੇ ਵਾਰਡ ਨੰਬਰ 14 ਦੇ ਕੌਂਸਲਰ ਸੁਖਵੀਰ ਸਿੰਘ ਸੁੱਖੀ ਜਿੰਮ ਵਾਲਾ ਉੱਤੇ ਹੁਕਮਰਾਨ ਸਰਕਾਰ ਵੱਲੋਂ ਕਈ ਮਹੀਨੇ ਪਹਿਲਾਂ ਕੀਤੇ ਗਏ ਕਥਿਤ ਤੌਰ ਉੱਤੇ ਨਾਜਾਇਜ਼ ਪਰਚੇ ਦਾ ਮਾਮਲਾ ਉਦੋਂ ਮੁੜ ਭਖ ਗਿਆ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਉਣ ਵਾਲੀ ਲੜਕੀ ਨੂੰ ਨਾਲ ਲੈ ਕੇ ਸੁੱਖੀ ਜਿੰਮ ਵਾਲੇ ਦੇ ਪੱਖ ’ਚ ਪੇਸ਼ ਕਰ ਦਿੱਤਾ।

ਖਹਿਰਾ ਨੇ ਦੱਸਿਆ ਲਗਭਗ ਕਈ ਮਹੀਨੇ ਪਹਿਲਾਂ ਸੁੱਖੀ ਜਿੰਮ ਵਾਲੇ ਉੱਤੇ ਬਲਾਤਕਾਰ ਦਾ ਝੂਠਾ ਕੇਸ ਪਾ ਕੇ ਛੇ ਮਹੀਨੇ ਦੀ ਸਜ਼ਾ ਤੋਂ ਬਾਅਦ ਅਦਾਲਤ ਵੱਲੋਂ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਇਸ ਝੂਠੇ ਕੇਸ ਵਿੱਚ ਇੱਕ ਕੈਬਨਿਟ ਮੰਤਰੀ ਦਾ ਵੱਡਾ ਹੱਥ ਸੀ ਜੋ ਹੁਣ ਸਪੱਸ਼ਟ ਹੋ ਗਿਆ ਹੈ। ਉਧਰ ਅਵਰਿੰਦਰ ਕੌਰ ਨਾਮੀ ਔਰਤ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਵੱਲੋਂ ਉਸ ਸਮੇਂ ਦੇ ਡੀਐੱਸਪੀ ਰਾਹੀਂ ਉਨ੍ਹਾਂ ਉੱਤੇ ਸੁੱਖੀ ਜਿੰਮ ਵਾਲਾ ਉੱਤੇ ਗਲਤ ਇਲਜ਼ਾਮ ਲਗਾਉਣ ਲਈ ਮਜਬੂਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਸਰਕਾਰੀ ਤੰਤਰ ਦੇ ਦਬਾਅ ਹੇਠ ਉਸ ਨੇ ਆਪਣਾ ਬਿਆਨ ਦਿੱਤਾ ਸੀ ਜਦੋਂ ਕਿ ਸੁੱਖੀ ਜਿੰਮ ਵਾਲਾ ਨਿਰਦੋਸ਼ ਸੀ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਉਸ ਵਿਅਕਤੀ ਨੂੰ ਜੇਲ੍ਹ ਭੇਜ ਰਹੀ ਜੋ ਉਨ੍ਹਾਂ ਖ਼ਿਲਾਫ਼ ਬਗਾਵਤ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਵਿੱਚ ਧੱਕਾ ਕਰਨ ਵਾਲੇ ਕੈਬਨਿਟ ਮੰਤਰੀ ਅਤੇ ਡੀਐੱਸਪੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਾਂਚ ਕੀਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਉੱਤੇ ਅਜਿਹੇ ਝੂਠੇ ਕੇਸਾਂ ਦੀ ਜਾਂਚ ਲਈ ਇੱਕ ਵੱਖਰਾ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇਗਾ।

LEAVE A REPLY

Please enter your comment!
Please enter your name here