ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 27 ਮਾਰਚ

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਵੱਖ-ਵੱਖ ਇਲਾਕਿਆਂ ਵਿੱਚ ਕੋਠੀਆਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਇੱਕ ਮੈਂਬਰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬੱਲੂ ਵਾਸੀ ਮੁਹੱਲਾ ਬਿਸ਼ਨਪੁਰਾ (ਜ਼ੀਰਕਪੁਰ) ਵਜੋਂ ਹੋਈ ਹੈ। ਜੋ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦਿਨ ਅਤੇ ਰਾਤ ਸਮੇਂ ਘਰਾਂ ਵਿੱਚ ਪਾੜ ਲਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅੱਜ ਇੱਥੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਬੱਲੂ ਨੇ ਆਪਣੇ ਸਾਥੀਆਂ ਮਿਲ ਕੇ ਜ਼ੀਰਕਪੁਰ ਅਤੇ ਆਸਪਾਸ ਦੇ ਇਲਾਕੇ ਵਿੱਚ ਪਾੜ ਚੋਰੀਆਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਕੋਲੋਂ ਜ਼ੀਰਕਪੁਰ ਖੇਤਰ ਵਿੱਚ ਵੱਖ-ਵੱਖ ਕੋਠੀਆਂ ’ਚੋਂ ਚੋਰੀ ਕੀਤੇ ਸੋਨੇ ਦੇ ਲਗਪਗ 30 ਗਰਾਮ ਗਹਿਣੇ ਅਤੇ 8000 ਰੁਪਏ ਨਗਦੀ ਬਰਾਮਦ ਕੀਤੀ ਹੈ। ਮੁਲਜ਼ਮ ਬੱਲੂ ਅਨਪੜ੍ਹ ਹੈ। ਉਸ ਦੇ ਖ਼ਿਲਾਫ਼ ਕਈ ਸਾਲ ਪਹਿਲਾਂ ਵੀ ਜ਼ੀਰਕਪੁਰ ਥਾਣੇ ਵਿੱਚ ਚੋਰੀ ਦਾ ਪਰਚਾ ਦਰਜ ਹੋਇਆ ਸੀ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿੱਚ ਧਾਰਾ 380, 454, 457, 411 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬੱਲੂ ਕੋਲੋਂ ਬਲਟਾਣਾ ਤੋਂ ਚੋਰੀ ਕੀਤੇ ਗਹਿਣੇ (ਇੱਕ ਲੇਡੀਜ਼ ਰਿੰਗ, ਇੱਕ ਜੋੜੀ ਟਾਪਸ, ਇੱਕ ਮੰਗਲ-ਸੂਤਰ) ਬਰਾਮਦ ਕੀਤੇ ਗਏ ਹਨ। ਨਾਲ ਹੀ ਸ਼ਿਵਾ ਐਨਕਲੇਵ ਪਟਿਆਲਾ ਰੋਡ ਜ਼ੀਰਕਪੁਰ ਤੋਂ ਚੋਰੀ ਕੀਤੇ ਗਹਿਣੇ (ਇੱਕ ਜੋੜੀ ਕਾਂਟੇ, ਇੱਕ ਲੇਡੀਜ਼ ਰਿੰਗ ਅਤੇ ਇੱਕ ਜੋੜੀ ਝੁਮਕੇ) ਸਮੇਤ ਅੱਠ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੱਲੂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਦੇ ਫ਼ਰਾਰ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here