ਕੁਲਵਿੰਦਰ ਕੌਰ ਦਿਓਲ

ਫਰੀਦਾਬਾਦ, 25 ਅਪਰੈਲ

ਮਿਊਂਸਿਪਲ ਕਾਰਪੋਰੇਸ਼ਨ ਫੈਡਰੇਸ਼ਨ ਦੇ ਸੱਦੇ ’ਤੇ ਅੱਜ ਟੈਕਸ ਸ਼ਾਖਾ ਦੇ ਪੰਜ ਜ਼ੋਨਾਂ ਦੇ ਨੁਮਾਇੰਦਿਆਂ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਨਗਰ ਨਿਗਮ ਹੈੱਡਕੁਆਰਟਰ ਵਿੱਚ ਪ੍ਰਾਪਰਟੀ ਟੈਕਸ ਦੀ ਸਵੈ-ਪੜਤਾਲ ਲਈ ਲਗਾਈ ਗਈ ਡਿਊਟੀ ਦਾ ਵਿਰੋਧ ਕੀਤਾ। ਪ੍ਰਦਰਸ਼ਨ ਦੀ ਅਗਵਾਈ ਫੈਡਰੇਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਜਾਗਲਾਨ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਕਰਮਚੰਦ ਬਘੇਲ ਨੇ ਕੀਤਾ। ਅੱਜ ਦੇ ਪ੍ਰਦਰਸ਼ਨ ਵਿੱਚ ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੀ ਭਾਗ ਲਿਆ। ਪ੍ਰਧਾਨ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ 12 ਅਪਰੈਲ ਨੂੰ ਦਿੱਤੇ ਮੰਗ ਪੱਤਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਅੱਜ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਕਮਿਸ਼ਨਰ ਨੇ ਨੋਟਿਸ ਲੈਂਦਿਆਂ ਵਧੀਕ ਕਮਿਸ਼ਨਰ ਨੂੰ ਨਗਰ ਨਿਗਮ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢਣ ਦੇ ਹੁਕਮ ਦਿੱਤੇ ਹਨ। 11 ਮੈਂਬਰੀ ਵਫ਼ਦ ਨੇ ਵਧੀਕ ਕਮਿਸ਼ਨਰ ਨਾਲ ਗੱਲਬਾਤ ਕਰਕੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਵਧੀਕ ਕਮਿਸ਼ਨਰ ਦੇ ਨਾਲ ਸਥਾਪਨਾ ਅਫ਼ਸਰ ਸ਼੍ਰਿਸ਼ਟੀ ਬੱਬਰ, ਸੁਪਰਡੈਂਟ ਇੰਜਨੀਅਰ ਓਮਬੀਰ, ਲੇਖਾ ਸ਼ਾਖਾ ਦੇ ਅਧਿਕਾਰੀ ਵੀ ਹਾਜ਼ਰ ਸਨ| ਵਧੀਕ ਕਮਿਸ਼ਨਰ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਜਾਇਜ਼ ਦੱਸਦੇ ਹੋਏ ਕਿਹਾ ਕਿ ਐਤਵਾਰ ਨੂੰ ਕੋਈ ਕੈਂਪ ਨਹੀਂ ਲਗਾਇਆ ਜਾਵੇਗਾ, ਕੈਂਪ ਸ਼ਨੀਵਾਰ ਨੂੰ ਲਗਾਇਆ ਜਾਵੇਗਾ। ਸ਼ਨੀਵਾਰ ਨੂੰ ਹੋਣ ਵਾਲੇ ਕੈਂਪ ਦੇ ਬਦਲੇ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਜਾਵੇਗੀ। ਸਾਰੇ ਕਰਮਚਾਰੀਆਂ ਦੇ ਸ਼ਨਾਖਤੀ ਕਾਰਡ ਜਲਦੀ ਹੀ ਬਣਾ ਦਿੱਤੇ ਜਾਣਗੇ ਤਾਂ ਜੋ ਘਰ-ਘਰ ਜਾ ਕੇ ਸਰਵੇਖਣ ਕਰਨ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਮੁਲਾਜ਼ਮਾਂ ਨੂੰ ਵੀ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here