ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 6 ਮਾਰਚ

ਪੰਜਾਬ ਸਰਕਾਰ ਨੇ ਗਮਾਡਾ ਰਾਹੀਂ ਮੁਹਾਲੀ ਦੇ ਕਈ ਨਾਮੀ ਹਸਪਤਾਲਾਂ ਨੂੰ ਬਿਲਡਿੰਗ ਬਾਇਲਾਜ਼ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਵਿੱਚ ਸ਼ਹਿਰ ਦੇ ਪ੍ਰਮੁੱਖ ਫੋਰਟਿਸ ਹਸਪਤਾਲ ਸਮੇਤ ਮੈਕਸ ਹਸਪਤਾਲ, ਆਈਵੀਵਾਈ ਹਸਪਤਾਲ, ਮਾਇਓ ਹਸਪਤਾਲ, ਗਰੇਸ਼ੀਅਨ ਹਸਪਤਾਲ ਅਤੇ ਇੰਡਸ ਹਸਪਤਾਲ ਸ਼ਾਮਲ ਹਨ। ਇਹ ਕਾਰਵਾਈ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਸ਼ਿਕਾਇਤ ’ਤੇ ਹੋਈ ਹੈ।ਵਿਧਾਇਕ ਕੁਲਵੰਤ ਸਿੰਘ ਨੇ ਬਜਟ ਸੈਸ਼ਨ ਵਿੱਚ ਇਹ ਮੁੱਦਾ ਚੁੱਕਦਿਆਂ ਪੁੱਛਿਆ ਕੀ ਉਪਰੋਕਤ ਹਸਪਤਾਲਾਂ ਦੀਆਂ ਬਿਲਡਿੰਗਾਂ ਦਾ ਨਕਸ਼ਾ ਪਾਸ ਕਰਨ ਸਮੇਂ ਗਮਾਡਾ ਵੱਲੋਂ ਵਾਹਨ ਪਾਰਕਿੰਗ ਲਈ ਕੋਈ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ ਜਾਂ ਨਹੀਂ? ਜੇਕਰ ਕੀਤੀ ਸੀ ਤਾਂ ਕੀ ਇਹੋ ਜਗ੍ਹਾ ਹੈ, ਜਿੱਥੇ ਮੌਜੂਦਾ ਸਮੇਂ ਵਾਹਨ ਪਾਰਕਿੰਗ ਕੀਤੇ ਜਾਂਦੇ ਹਨ ਜਾਂ ਜਾ ਰਹੇ ਹਨ। ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਫੋਰਟਿਸ ਹਸਪਤਾਲ, ਮੈਕਸ ਹਸਪਤਾਲ, ਆਈਵੀਵਾਈ ਹਸਪਤਾਲ, ਮਾਇਓ ਹਸਪਤਾਲ, ਗਰੇਸ਼ੀਅਨ ਹਸਪਤਾਲ ਅਤੇ ਇੰਡਸ ਹਸਪਤਾਲ ਦੇ ਬਾਹਰ ਸੜਕ ਕਿਨਾਰੇ ਕਾਰਾਂ ਅਤੇ ਹੋਰ ਵਾਹਨ ਪਾਰਕਿੰਗ ਕੀਤੇ ਜਾਂਦੇ ਹਨ। ਜਿਸ ਕਾਰਨ ਸ਼ਹਿਰ ਵਿੱਚ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਟਰੈਫ਼ਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਅਤੇ ਕਈ ਵਾਰ ਝਗੜੇ ਵੀ ਹੁੰਦੇ ਹਨ। ਕਿਉਂ ਜੋ ਇਨ੍ਹਾਂ ਅਦਾਰਿਆਂ ਦੀ ਪਹੁੰਚ ਉੱਪਰ ਤੱਕ ਹੈ, ਇਸ ਲਈ ਮੁਹਾਲੀ ਪ੍ਰਸ਼ਾਸਨ ਜਾਂ ਟਰੈਫ਼ਿਕ ਪੁਲੀਸ ਨੂੰ ਸ਼ਾਇਦ ਇਹ ਸਾਰਾ ਕੁੱਝ ਨਜ਼ਰ ਨਹੀਂ ਆ ਰਿਹਾ ਹੈ ਜਾਂ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਇਹ ਮੁੱਦਾ ਚੁੱਕਿਆ ਅਤੇ ਸਬੰਧਤ ਹਸਪਤਾਲਾਂ ਦੀਆਂ ਇਮਾਰਤਾਂ ਦਾ ਨਕਸ਼ਾ ਪਾਸ ਕਰਨ ਸਮੇਂ ਵਾਹਨ ਪਾਰਕਿੰਗ ਲਈ ਢੁਕਵੀਂ ਜਗ੍ਹਾ ਨਿਰਧਾਰਿਤ ਕਰਨ ਬਾਰੇ ਸਰਕਾਰ ਨੂੰ ਸਵਾਲ ਕੀਤਾ ਗਿਆ।

ਇਸ ਸਬੰਧੀ ਵਿਭਾਗ ਦੇ ਮੰਤਰੀ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਸਮੇਤ ਮੈਕਸ ਹਸਪਤਾਲ, ਆਈਵੀਵਾਈ ਹਸਪਤਾਲ ਅਤੇ ਇੰਡਸ ਹਸਪਤਾਲਾਂ ਦੀ ਚੈਕਿੰਗ ਕਰਨ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਹਸਪਤਾਲਾਂ ਵਿੱਚ ਬੇਸਮੈਂਟ ਪਾਰਕਿੰਗ ਨੂੰ ਨਿਰਧਾਰਿਤ ਮੰਤਵ ਲਈ ਨਹੀਂ ਵਰਤਿਆ ਜਾ ਰਿਹਾ ਹੈ। ਇਸ ਲਈ ਉਪਰੋਕਤ ਹਸਪਤਾਲਾਂ ਨੂੰ ਗਮਾਡਾ ਦੇ ਸਟੇਟ ਅਫ਼ਸਰ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਧਰ, ਇਸ ਸਬੰਧੀ ਗਮਾਡਾ ਅਧਿਕਾਰੀ ਨੇ ਕਿਹਾ ਕਿ ਜਵਾਬ ਮਿਲਣ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here