ਰਾਜਸਥਾਨ ਦੇ ਬਾਂਸਵਾੜਾ ਸ਼ਹਿਰ ਵਿੱਚ ਚੋਣ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਭਾਸ਼ਣ ਦਿੱਤਾ, ਉਸ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਵਾਲਾ ਦੇ ਕੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਪਾਰਟੀ ਲੋਕਾਂ ਦੀ ਮਿਹਨਤ ਮੁਸ਼ੱਕਤ ਦੀ ਕਮਾਈ ਨੂੰ ‘ਜਿ਼ਆਦਾ ਬੱਚੇ ਪੈਦਾ ਕਰਨ ਵਾਲੇ’ ਲੋਕਾਂ ਅਤੇ ‘ਘੁਸਪੈਠੀਆਂ’ ਵਿੱਚ ਵੰਡ ਦੇਣਾ ਚਾਹੁੰਦੀ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 2006 ਵਿੱਚ ਦਿੱਤੇ ਇੱਕ ਬਿਆਨ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਦੇਸ਼ ਦੇ ਸਾਧਨਾਂ ਉੱਪਰ ਮੁਸਲਮਾਨਾਂ ਦਾ ਪਹਿਲਾ ਹੱਕ ਦੱਸਿਆ ਜਾ ਰਿਹਾ ਹੈ। ਇਸ ਬਿਆਨ ਨੂੰ ਨਫ਼ਰਤੀ ਭਾਸ਼ਣ ਕਰਾਰ ਦਿੰਦਿਆਂ ‘ਇੰਡੀਆ’ ਗੱਠਜੋੜ ਵਿੱਚ ਸ਼ਾਮਿਲ ਬਹੁਤ ਸਾਰੀਆਂ ਪਾਰਟੀਆਂ ਨੇ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕੀਤੀ ਜਾਵੇ। ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਵੰਡਪਾਊ ਹੈ ਅਤੇ ਖ਼ਾਸ ਧਾਰਮਿਕ ਭਾਈਚਾਰੇ ਖਿ਼ਲਾਫ਼ ਮੰਦਭਾਵਨਾ ਤੋਂ ਪ੍ਰੇਰਿਤ ਹੈ।

ਇਸ ਮਾਮਲੇ ਨੂੰ ਲੈ ਕੇ ਹੁਣ ਸਾਰੀਆਂ ਨਜ਼ਰਾਂ ਚੋਣ ਕਮਿਸ਼ਨ ’ਤੇ ਹਨ ਕਿ ਇਸ ਦਾ ਰੁਖ਼ ਕੀ ਰਹਿੰਦਾ ਹੈ। ਚੋਣ ਕਮਿਸ਼ਨ ’ਤੇ ਪਹਿਲਾਂ ਹੀ ਸਵਾਲ ਉਠ ਰਹੇ ਹਨ ਕਿ ਉਹ ਸੱਤਾਧਾਰੀ ਪਾਰਟੀ ਪ੍ਰਤੀ ਨਰਮੀ ਤੋਂ ਕੰਮ ਲੈਂਦਾ ਹੈ; ਦੂਜੀਆਂ ਪਾਰਟੀਆਂ ਦੇ ਆਗੂਆਂ ਖਿ਼ਲਾਫ਼ ਝੱਟ ਨੋਟਿਸ ਜਾਰੀ ਹੋ ਜਾਂਦੇ ਹਨ ਅਤੇ ਕਾਰਵਾਈ ਵੀ ਕੀਤੀ ਜਾਂਦੀ ਹੈ। ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਪਾਰਟੀਆਂ ਇੱਕ ਦੂਜੇ ਦੇ ਕੰਮਾਂ ਅਤੇ ਪ੍ਰੋਗਰਾਮਾਂ ਉੱਪਰ ਹਮਲੇ ਕਰਦੀਆਂ ਰਹਿੰਦੀਆਂ ਹਨ ਪਰ ਇਸ ਵਿੱਚ ਕਿਸੇ ਭਾਈਚਾਰੇ ਨੂੰ ਹਰਗਿਜ਼ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦਾ ਇਹ ਫਰਜ਼ ਹੈ ਕਿ ਉਹ ਚੋਣ ਪ੍ਰਚਾਰ ਦੌਰਾਨ ਅਜਿਹੀ ਬਿਆਨਬਾਜ਼ੀ ਜਾਂ ਟੀਕਾ ਟਿੱਪਣੀ ਨਾ ਕਰਨ ਜਿਸ ਨਾਲ ਦੇਸ਼ ਦੇ ਲੋਕਾਂ ਦਰਮਿਆਨ ਆਪਸੀ ਸਾਂਝ ਤੇ ਮੇਲ ਜੋਲ ਉੱਪਰ ਬੁਰਾ ਅਸਰ ਪੈਂਦਾ ਹੋਵੇ।

2019 ਵਾਲੀਆਂ ਚੋਣਾਂ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਵਿੱਚ ਚੋਣ ਰੈਲੀ ਦੌਰਾਨ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਇਹ ਸਵਾਲ ਉਠਾਇਆ ਸੀ ਕਿ ਸਾਰੇ ਚੋਰਾਂ ਦੇ ਉਪਨਾਮ ਮੋਦੀ ਹੀ ਕਿਉਂ ਹੁੰਦੇ ਹਨ। ਇਸ ’ਤੇ ਗੁਜਰਾਤ ਵਿੱਚ ਭਾਜਪਾ ਦੇ ਇੱਕ ਵਿਧਾਇਕ ਨੇ ਰਾਹੁਲ ਗਾਂਧੀ ਖਿ਼ਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਸੀ ਜਿਸ ਵਿੱਚ ਦੋਸ਼ੀ ਪਾਏ ਜਾਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰੀ ਬਰਖ਼ਾਸਤ ਕਰ ਦਿੱਤੀ ਗਈ ਸੀ। ਬਾਅਦ ਵਿੱਚ ਪਿਛਲੇ ਸਾਲ ਅਗਸਤ ਵਿੱਚ ਸੁਪਰੀਮ ਕੋਰਟ ਵਲੋਂ ਸਜ਼ਾ ’ਤੇ ਰੋਕ ਲਾਉਣ ਤੋਂ ਬਾਅਦ ਉਨ੍ਹਾਂ ਦੀ ਮੈਂਬਰੀ ਬਹਾਲ ਹੋਈ ਸੀ। ਸੁਪਰੀਮ ਕੋਰਟ ਨੇ ਇਸ ਸਬੰਧ ਵਿੱਚ ਆਖਿਆ ਸੀ ਕਿ ਉਹ ਕਥਿਤ ਟਿੱਪਣੀਆਂ ਬੇਸੁਆਦੀਆਂ ਸਨ। ਜਨਤਕ ਜੀਵਨ ਵਿੱਚ ਵਿਚਰਨ ਵਾਲੇ ਕਿਸੇ ਸ਼ਖ਼ਸ ਨੂੰ ਭਾਸ਼ਣ ਦੇਣ ਸਮੇਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਮੁਤੱਲਕ ਖਿਆਲ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਦੀਆਂ ਟੀਕਾ-ਟਿੱਪਣੀਆਂ ਦਾ ਕਈ ਵਾਰ ਬਹੁਤ ਦੂਰਗਾਮੀ ਪ੍ਰਭਾਵ ਪੈਂਦਾ ਹੈ।

LEAVE A REPLY

Please enter your comment!
Please enter your name here