ਸਰਬਜੀਤ ਗਿੱਲ

ਫਿਲੌਰ, 25 ਅਪਰੈਲ

ਹਲਕਾ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਆਮਦ ਮੌਕੇ ਕਿਸਾਨ ਜਥੇਬੰਦੀਆਂ ਤੇ ਭਾਜਪਾ ਧਿਰ ਵਿਚਾਲੇ ਤਿੱਖਾ ਟਕਰਾਅ ਹੋਣ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਫਿਲੌਰ ਦੇ ਮੁੱਖ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਅਗਵਾਈ ’ਚ ਸਮੂਹ ਮੰਡਲ ਪ੍ਰਧਾਨਾਂ ਤੇ ਵਰਕਰਾਂ ਦੀ ਇੱਕ ਮੀਟਿੰਗ ਹੋ ਰਹੀ ਸੀ ਜਿਸ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੇ ਪੁੱਜਣਾ ਸੀ। ਸੁਸ਼ੀਲ ਰਿੰਕੂ ਆਪਣੀ ਮੀਟਿੰਗ ਖਤ਼ਮ ਕਰਕੇ ਉੱਥੋਂ ਚਲੇ ਗਏ, ਜਿਸ ਉਪਰੰਤ ਭਾਰਤੀ ਕਿਸਾਨ ਯੂਨੀਅਨ ਦੋਆਬਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਭਾਜਪਾ ਦੇ ਦਫ਼ਤਰ ਅੱਗੇ ਪੁੱਜੇ। ਇਥੇ ਕਿਸਾਨਾਂ ਨੇ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਵਿਰੁੱਧ ਭਾਜਪਾ ਵਰਕਰਾਂ ਨੇ ਵੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮੌਕੇ ’ਤੇ ਸਥਿਤੀ ਤਣਾਅਪੂਰਨ ਹੁੰਦਿਆਂ ਦੇਖ ਪੁਲੀਸ ਨੇ ਦਖਲਅੰਦਾਜ਼ੀ ਕਰ ਕੇ ਦੋਵਾਂ ਧਿਰਾਂ ਨੂੰ ਸਮਝਾਉਣ ਉਪਰੰਤ ਮਾਹੌਲ ਸ਼ਾਂਤ ਕਰਵਾਇਆ। ਇਸ ਮੌਕੇ ਹਰਜੀਤ ਸਿੰਘ ਢੇਸੀ, ਕਮਲਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ ਮੰਡੀ, ਇਕਬਾਲ ਸਿੰਘ ਰਸੂਲਪੁਰ ਹਾਜ਼ਰ ਸਨ।

ਸੁਸ਼ੀਲ ਰਿੰਕੂ ਨੇ ਕਿਸਾਨਾਂ ਨੂੰ ‘ਗੁੰਡੇ’ ਦੱਸਿਆ

ਜਲੰਧਰ (ਪਾਲ ਸਿੰਘ ਨੌਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਸੂੁਸ਼ੀਲ ਰਿੰਕੂ ਦਾ ਘਿਰਾਓ ਕੀਤਾ ਗਿਆ। ਭਾਜਪਾ ਉਮੀਦਵਾਰ ਜਦੋਂ ਸ਼ਾਮ ਨੂੰ ਨਕੋਦਰ ਵਿੱਚ ਡਾ. ਭੀਮ ਰਾਓ ਅੰਬੇਡਕਰ ਚੌਕ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਭਾਜਪਾ ਉਮੀਦਵਾਰ ਰਿੰਕੂ ਦੇ ਹਮਾਇਤੀ ਵੀ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗ ਪਏ। ਕਿਸਾਨਾਂ ਦੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਨੇ ਦਲਿਤ ਪੱਤਾ ਖੇਡਦਿਆਂ ਦਲਿਤ ਸਮਾਜ ਨੂੰ ਸੱਦਾ ਕਿ ਉਹ ਕਿਸਾਨਾਂ ਦਾ ਬਾਈਕਾਟ ਕਰਨ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਇਹ ਕਿਸਾਨ ਨਹੀਂ ਗੁੰਡੇ ਹਨ। ਉਨ੍ਹਾਂ ਕਿਹਾ,‘‘ਉਹ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਸਨ, ਇਹ ਗੁੰਡੇ ਸਾਨੂੰ ਰੋਕ ਰਹੇ ਸਨ।’’ ਕਿਸਾਨਾਂ ਨੇ ਕਿਹਾ ਕਿ ਉਹ ਵੋਟਾਂ ਮੰਗਣ ਵਾਲੇ ਭਾਜਪਾ ਉਮੀਦਵਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਨੀਆਂ ਚਹੁੰਦੇ ਹਨ। ਕਿਸਾਨ ਆਗੂਆਂ ਨੇ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਭਾਜਪਾ ਨੂੰ ਵੋਟ ਨਾ ਪਾਉਣ।

LEAVE A REPLY

Please enter your comment!
Please enter your name here