ਮਹਿੰਦਰ ਸਿੰਘ ਰੱਤੀਆਂ

ਮੋਗਾ, 4 ਅਪਰੈਲ

ਇਥੇ ਸਿਟੀ ਪੁਲੀਸ ਨੇ ਇਮੀਗਰੇਸ਼ਨ ਸੈਂਟਰ ਸੰਚਾਲਕ ਤੋਂ 50 ਲੱਖ ਦੀ ਫ਼ਿਰੌਤੀ ਮੰਗਣ ਅਤੇ ਉਸ ’ਤੇ ਗੋਲੀਬਾਰੀ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੇ ਨਾਲ ਹੀ ਧਰਮਕੋਟ ਪੁਲੀਸ ਨੇ ਇੱਕ ਵਿਅਕਤੀ ਤੋਂ ਫਿਰੌਤੀ ਲੈਣ ਆਏ ਦੋ ਮੁਲਜ਼ਮਾਂ ਵਿਚੋਂ ਇੱਕ ਨੂੰ ਹਥਿਆਰ ਤੇ ਵਾਹਨ ਸਣੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਪੀ ਜਾਂਚ ਡਾ. ਬਾਲਕ੍ਰਿਸ਼ਨ ਸਿੰਗਲਾ, ਡੀਐੱਸਪੀ ਸਿਟੀ ਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਹਿਲੀ ਅਪਰੈਲ ਨੂੰ ਬੋਪਾਰਾਏ ਇਮੀਗਰੇਸ਼ਨ ਸਰਵਿਸ ਸੈਂਟਰ ਸੰਚਾਲਕ ਵੱਲੋਂ 50 ਲੱਖ ਦੀ ਫ਼ਿਰੌਤੀ ਨਾ ਦੇਣ ’ਤੇ ਮੋਟਰਸਾਈਕਲ ਸਵਾਰ ਦੋ ਮੁਲਜ਼ਮ ਗੋਲੀਬਾਰੀ ਕਰਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਤਕਨੀਕੀ ਢੰਗ ਨਾਲ ਜਾਂਚ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸਥਾਨਕ ਲਹੌਰੀਆਂ ਵਾਲਾ ਮੁਹੱਲਾ ਨਿਵਾਸੀ ਲਵਪ੍ਰੀਤ ਸਿੰਘ ਉਰਫ ਲੱਭੀ ਤੇ ਵਿਕਾਸ ਰਾਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਗੋਪੀ ਲਹੌਰੀਆ ਗੈਂਗ ਦੇ ਸ਼ੂਟਰ ਹਨ। ਐੱਸਐੱਸਪੀ ਸੋਨੀ ਨੇ ਸ਼ਹਿਰ ਵਿਚ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਧਮਕੀ ਭਰੇ ਫੋਨ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਹੁਤੇ ਕੇਸਾਂ ਵਿਚ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਧਰਮਕੋਟ ਪੁਲੀਸ ਨੇ ਪਿੰਡ ਅਮੀਵਾਲਾ ਵਾਸੀ ਸੰਜੀਵ ਕੁਮਾਰ ਦਹੂਜਾ ਕੋਲੋਂ ਫ਼ਿਰੌਤੀ ਦੀ ਰਕਮ ਲੈਣ ਆਇਆ ਬੰਬੀਹਾ ਗੈਂਗ ਦਾ ਸ਼ੂਟਰ ਨਵਦੀਪ ਸਿੰਘ ਉਰਫ਼ ਜੋਤ ਵਾਸੀ ਕੋਟਕਪੂਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3.20 ਲੱਖ ਰੁਪਏ ਦੀ ਫ਼ਿਰੌਤੀ ਦੀ ਰਕਮ, ਰਿਵਾਲਵਰ 32 ਬੋਰ, 6 ਰੌਂਦ, ਤਿੰਨ ਮੋਬਾਈਲ ਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸੰਦੀਪ ਸਿੰਘ ਉਰਫ਼ ਹਰਮਨ ਪਿੰਡ ਅਮੀਵਾਲਾ ਹਾਲ ਕੈਨੇਡਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਕੈਨੇਡਾ ਤੋਂ ਗੈਂਗ ਚਲਾ ਰਿਹਾ ਹੈ।

LEAVE A REPLY

Please enter your comment!
Please enter your name here