ਕੈਲਗਰੀ: ਯੰਗਸਿਤਾਨ ਪੰਜਾਬੀ ਕਲਾਸ ਦੇ ਬੱਚਿਆਂ ਵੱਲੋਂ ਜੈਨਸਿਸ ਸੈਂਟਰ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ’ਤੇ ਬੱਚੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਆਏ।

ਅਧਿਆਪਕਾਂ ਵੱਲੋਂ ਇਸ ਮੌਕੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਸੱਭਿਆਚਾਰਕ ਤੇ ਇਤਿਹਾਸਕ ਮਹੱਤਤਾ ਬਾਰੇ ਦੱਸਿਆ ਗਿਆ। ਬੱਚਿਆਂ ਨੇ ਵਿਸਾਖੀ ਮੌਕੇ ਫ਼ਸਲਾਂ ਦੇ ਪੱਕਣ ਦੀ ਖ਼ੁਸ਼ੀ ਤੋਂ ਇਲਾਵਾ 1699 ਅਤੇ 1919 ਦੀ ਵਿਸਾਖੀ ਦੇ ਇਤਿਹਾਸ ਨੂੰ ਸੁਣਿਆ ਤੇ ਸਵਾਲ-ਜਵਾਬ ਸੈਸ਼ਨ ਵਿੱਚ ਭਾਗ ਲਿਆ। ਇਸ ਮੌਕੇ ਬੱਚਿਆਂ ਨੇ ਵਿਸਾਖੀ ਨਾਲ ਸਬੰਧਿਤ ਕਵਿਤਾਵਾਂ ਤੇ ਗੀਤ ਪੇਸ਼ ਕਰਕੇ ਮਾਹੌਲ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ। ਅਖ਼ੀਰ ਵਿੱਚ ਬੱਚਿਆਂ ਨੇ ਮਠਿਆਈਆਂ ਦਾ ਆਨੰਦ ਮਾਣਿਆ। ਦੱਸਣਯੋਗ ਹੈ ਕਿ ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਜੈਨਸਿਸ ਸੈਂਟਰ ਵਿੱਚ ਹਰ ਐਤਵਾਰ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ। ਇਸ ਮੌਕੇ ਇਸ ਕਲਾਸ ਵਿੱਚ 50 ਦੇ ਕਰੀਬ ਬੱਚੇ ਹਨ।

ਖ਼ਬਰ ਸਰੋਤ: ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮੀਟਿੰਗ

ਗੁਰਨਾਮ ਕੌਰ

ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਪੰਜਾਬਣਾਂ

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਅਪਰੈਲ ਮਹੀਨੇ ਦੀ ਮੀਟਿੰਗ ਜੈਨਸਿਸ ਸੈਂਟਰ ਵਿਖੇ ਹੋਈ। ਸਭ ਤੋਂ ਪਹਿਲਾਂ ਸਭਾ ਦੇ ਮੀਤ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਭੈਣਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਅਪਰੈਲ ਮਹੀਨੇ ਦੇ ਇਤਿਹਾਸਕ ਦਿਹਾੜਿਆਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਕੈਨੇਡਾ ਵਿੱਚ ਅਪਰੈਲ ਮਹੀਨੇ ਨੂੰ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਨਾਇਆ ਜਾਂਦਾ ਹੈ। ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ‘ਏਜ ਫਰੈਂਡਲੀ ਕੈਲਗਰੀ’ ਵੱਲੋਂ ਬਜ਼ੁਰਗਾਂ ਲਈ ਚਲਾਏ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ‘ਨਾਰਥ ਆਫ ਮੈਕਨਾਈਟ ਕਮਿਊਨੀਟੀਜ਼ ਸੁਸਾਇਟੀ’ ਵੱਲੋਂ ਮਾਨਸਿਕ ਸਿਹਤ ਸਬੰਧੀ ਕਰਵਾਏ ਜਾਣ ਵਾਲੇ ਪ੍ਰੋਗਰਾਮ ਬਾਰੇ ਸਾਂਝ ਪਾਈ।

ਮਾਨਸਿਕ ਸਿਹਤ ਦਾ ਪਹਿਲਾ ਸੈਮੀਨਾਰ ਇਸ ਮੀਟਿੰਗ ਵਿੱਚ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਾਜੈਕਟ ਕੋਆਰਡੀਨੇਟਰ ਵੰਦਨਾ ਨੇ ਮਾਨਸਿਕ ਸਿਹਤ, ਇਸ ਦੇ ਮਹੱਤਵ ਅਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਆਪਣੀ ਮਾਨਸਿਕ ਸਿਹਤ ਲਈ ਕੁਝ ਸਮਾਂ ਜੋ ਕਿ ਕੇਵਲ ‘ਮੀ ਟਾਈਮ’ ਹੋਵੇ, ਰਾਖਵਾਂ ਰੱਖਣ ਬਾਰੇ ਆਖਿਆ ਕਿ ‘ਉਹ ਸਮਾਂ ਤੁਸੀਂ ਕੇਵਲ ਹਰ ਪ੍ਰਕਾਰ ਦੀ ਚਿੰਤਾ ਤੋਂ ਮੁਕਤ ਆਪਣੇ ਆਪ ਨਾਲ ਬਿਤਾਓ, ਮੈਡੀਟੇਸ਼ਨ ਕਰੋ, ਲੰਮੇ ਤੇ ਡੂੰਘੇ ਸਾਹ ਲਓ ਜਾਂ ਆਪਣੀ ਦਿਲਚਸਪੀ ਵਾਲੀ ਐਕਟੀਵਿਟੀ ਕਰ ਕੇ ਮਨ ਪ੍ਰਸੰਨ ਰੱਖੋ।’

ਉਪਰੰਤ ਨਵੇਂ ਆਏ ਮੈਂਬਰਾਂ ਹਰਪਾਲ ਕੌਰ ਖਹਿਰਾ, ਨਰਿੰਦਰ ਸੈਣੀ, ਰੇਸ਼ਮ ਅਤੇ ਨਰਿੰਦਰ ਕੌਰ ਗਿੱਲ ਨੂੰ ਸਭਾ ਵਿੱਚ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾ ਗਿਆ। ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ 1699 ਦੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਦੀ ਸਥਾਪਨਾ ਦਾ ਵਰਣਨ ਕਰਦੇ ਕਿਹਾ ਕਿ ਜੇ ਅਸੀਂ ਜ਼ੁਲਮ ਦੇ ਖਿਲਾਫ਼ ਡਟ ਕੇ ਖੜ੍ਹਾਂਗੇ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਅਖਵਾਉਣ ਦੇ ਕਾਬਲ ਹੋਵਾਂਗੇ। ਗੁਰਤੇਜ ਕੌਰ ਸਿੱਧੂ ਨੇ ‘ਘਰ ਕਹਿੰਦਾ ਘਰ ਮੁੜਿਆ, ਹੁਣ ਤਾਂ ਲੋਕੀਂ ਲੱਗ ਪਏ ਖੋਲ਼ਾ ਕਹਿਣ’ ਕਵਿਤਾ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ ਵਿਸਾਖੀ ਸਬੰਧੀ ਦੋ ਕਵਿਤਾਵਾਂ ਸੁਣਾ ਕੇ ਹਾਜ਼ਰੀ ਲਵਾਈ। ਚਰਨਜੀਤ ਕੌਰ ਬਾਜਵਾ ਨੇ ਗੀਤ ਨਾਲ ਹਾਜ਼ਰੀ ਲਵਾਈ।

ਸੁਰਜੀਤ ਕੌਰ ਢਿੱਲੋਂ, ਸੁਰਿੰਦਰ ਕੌਰ ਬੈਨੀਪਾਲ, ਸਰਬਜੀਤ ਕੌਰ ਉੱਪਲ ਤੇ ਜੁਗਿੰਦਰ ਪੁਰਬਾ ਨੇ ਕਵਿਤਾਵਾਂ ਦੀ ਸਾਂਝ ਪਾਈ। ਕੁਲਵੰਤ ਕੌਰ ਨੇ ਬੋਲੀਆਂ ਅਤੇ ਗੁਰਦੇਵ ਕੌਰ ਬਰਾੜ ਅਤੇ ਅਮਰਜੀਤ ਵਿਰਦੀ ਨੇ ਗੀਤਾਂ ਦੀ ਛਹਿਬਰ ਲਾਈ। ਸਾਦਾਤ ਰੁਬੀਨਾ ਨੇ ਆਪਣੀ ਖੂਬਸੂਰਤ ਸ਼ਾਇਰੀ ਪੇਸ਼ ਕਰ ਸਭ ਦਾ ਮਨ ਮੋਹ ਲਿਆ। ਗੁਰਚਰਨ ਕੌਰ ਥਿੰਦ ਨੇ ਆਨਲਾਈਨ ਗਰੁੱਪ ‘ਸਾਂਝਾ ਵਿਹੜਾ’ ਦੀ ਮੁੱਖ ਪ੍ਰਬੰਧਕ ਨੌਰੀਨ ਮੁਹੰਮਦ ਨੂੰ ਜੀ ਆਇਆਂ ਆਖ ਕੇ ‘ਸਾਂਝਾ ਵਿਹੜਾ ਗਰੁੱਪ’ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਖਾਲਸਾ ਪੰਥ ਦੀ ਸਾਜਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਪੱਤਰਕਾਰ ਕ੍ਰਿਸ਼ਨ ਭਾਟੀਆ ਦਾ ਦੇਹਾਂਤ

ਲੰਡਨ: (ਕੇ.ਸੀ.ਮੋਹਨ): ਪੱਛਮੀ ਲੰਡਨ ਦੇ ਸ਼ਹਿਰ ਹੰਸਲੋ ਵਿੱਚ ਰਹਿੰਦੇ ਉੱਘੇ ਪੱਤਰਕਾਰ ਕ੍ਰਿਸ਼ਨ ਭਾਟੀਆ ਦਾ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ ਅਤੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਭਾਟੀਆ ਦਾ ਜਨਮ ਅਪਰੈਲ 1936 ਵਿੱਚ ਗੋਜਰਾ (ਪਾਕਿਸਤਾਨ) ਵਿੱਚ ਹੋਇਆ ਸੀ। ਗੋਜਰਾ ਤੋਂ ਬਾਅਦ ਉਹ ਜਲੰਧਰ ਆ ਕੇ ਵਸ ਗਏ। ਉਹ 1973 ਵਿੱਚ ਇੰਗਲੈਂਡ ਆ ਗਏ ਸਨ। ਭਾਰਤ ਵਿੱਚ ਉਹ ਬਤੌਰ ਪੱਤਰਕਾਰ ‘ਦਿ ਟ੍ਰਿਬਿਊਨ’ ਸਮੇਤ ਕਈ ਅੰਗਰੇਜ਼ੀ ਤੇ ਹਿੰਦੀ ਅਖ਼ਬਾਰਾਂ ਨਾਲ ਜੁੜੇ ਰਹੇ। ਯੂਕੇ ਆ ਕੇ ਵੀ ਉਨ੍ਹਾਂ ਬਹੁਤ ਸਾਲ ਅਖ਼ਬਾਰਨਵੀਸੀ ਕੀਤੀ। 1960 ਤੋਂ 1967 ਤੱਕ ਉਨ੍ਹਾਂ ਕਸ਼ਮੀਰ ਵਿੱਚ ਵੀ ਪੱਤਰਕਾਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।

ਉਨ੍ਹਾਂ ਦੇ ਦੇਹਾਂਤ ’ਤੇ ਕੌਸਲਰ ਕੇ. ਸੀ. ਮੋਹਨ, ਕੌਂਸਲਰ ਰਣਜੀਤ ਧੀਰ, ਓਮ ਡੋਗਰਾ, ਪੰਮੀ ਤੱਖਰ, ਸਾਊਥਾਲ ਦੇ ਹਿੰਦੂ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਭਾਰਤੀ ਮਜ਼ਦੂਰ ਸਭਾ ਸਾਊਥਾਲ ਨੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here