ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 27 ਅਪਰੈਲ

ਭਾਜਪਾ ਉਮੀਦਵਾਰ ਦਿਨੇਸ ਬੱਬੂ ਦੇ ਆਉਣ ਦੀ ਭਿਣਕ ਕਿਸਾਨਾਂ ਨੂੰ ਲੱਗੀ ਤਾਂ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪਹੁੰਚਣ ਉੱਤੇ ਬੱਬੂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਦਿਨੇਸ਼ ਬੱਬੂ ਕਾਹਨੂੰਵਾਨ ਵਿੱਚ ਬਿਨਾਂ ਕੋਈ ਚੋਣ ਪ੍ਰਚਾਰ ਕੀਤਿਆਂ ਅੱਗੇ ਭੈਣੀ ਮੀਆਂ ਖਾਂ ਲਈ ਨਿਕਲ ਗਏ। ਭਾਜਪਾ ਉਮੀਦਵਾਰ ਜਦੋਂ ਪੁਲ ਸਠਿਆਲੀ ਵਿੱਚ ਸਮਰਥਕਾਂ ਸਮੇਤ ਪਹੁੰਚੇ ਤਾਂ ਇੱਥੇ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਵਾਅਦਾਖਿਲਾਫੀਆਂ ਸਬੰਧੀ ਸਵਾਲ ਪੁੱਛੇ ਤਾਂ ਭਾਜਪਾ ਉਮਦੀਵਾਰ ਨੂੰ ਕਿਸਾਨਾਂ ਦੇ ਸਵਾਲਾਂ ਦਾ ਕੋਈ ਉੱਤਰ ਨਹੀਂ ਆਇਆ। ਇਸ ਦੌਰਾਨ ਦਨੇਸ਼ ਬੱਬੂ ਨੇ ਕਿਸਾਨਾਂ ਤੋਂ ਇਹ ਕਹਿੰਦੇ ਹੋਏ ਖਹਿੜਾ ਛੁਡਵਾਇਆ ਕਿ ਉਸ ਨੂੰ ਵੋਟਾਂ ਪਾ ਕੇ ਸੰਸਦ ਵਿੱਚ ਭੇਜਿਆ ਜਾਵੇ ਤਾਂ ਉਹ ਕਿਸਾਨਾਂ ਦੇ ਹੱਕ ਲਈ ਜ਼ੋਰਦਾਰ ਆਵਾਜ਼ ਉਠਾਉਣਗੇ। ਇਸੇ ਹੀ ਤਰਾਂ ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਸਥਾਨਕ ਕਸਬੇ ਦੇ ਬੱਸ ਸਟੈਂਡ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਸਬਾ ਭੈਣੀ ਮੀਆਂ ਖਾਂ ਦੇ ਮੁੱਖ ਚੌਕ ਵਿੱਚ ਭਾਜਪਾ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਜਪਾ ਉਮੀਦਵਾਰ ਨੂੰ ਸਰੱਖਿਆ ਦੇਣ ਲਈ ਥਾਂ-ਥਾਂ ਉੱਤੇ ਭਾਰੀ ਪੁਲੀਸ ਬਲ ਤਾਇਨਾਤ ਸੀ।

LEAVE A REPLY

Please enter your comment!
Please enter your name here