ਨਵੀਂ ਦਿੱਲੀ/ਭੋਪਾਲ, 17 ਫਰਵਰੀ

ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਦੀ ਚਰਚਾ ਦੌਰਾਨ ਸੀਨੀਅਰ ਕਾਂਗਰਸ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅੱਜ ਦੁਪਹਿਰੇ ਦਿੱਲੀ ਪਹੁੰਚੇ ਤੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਹੋਵੇਗੀ ਤਾਂ ਉਹ ਇਸ ਦੀ ਜਾਣਕਾਰੀ ਪਹਿਲਾਂ ਮੀਡੀਆ ਨੂੰ ਦੇਣਗੇ। ਇਸੇ ਦੌਰਾਨ ਉਨ੍ਹਾਂ ਦੇ ਪੁੱਤਰ ਤੇ ਸੰਸਦ ਮੈਂਬਰ ਨਕੁਲ ਨਾਥ ਨੇ ਆਪਣੇ ਐਕਸ ਖਾਤੇ ਤੋਂ ‘ਕਾਂਗਰਸ’ ਸ਼ਬਦ ਹਟਾ ਦਿੱਤਾ ਹੈ। ਕਮਲਨਾਥ ਪਿਛਲੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਦੌਰੇ ’ਤੇ ਸਨ ਜਿੱਥੋਂ ਉਹ ਨੌਂ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਨਕੁਲ ਨਾਥ ਸਾਲ 2019 ਦੀਆਂ ਚੋਣਾਂ ਵਿੱਚ ਇਸ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਦਿੱਲੀ ਪਹੁੰਚਣ ਮਗਰੋਂ ਪੱਤਰਕਾਰਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਕਮਲਨਾਥ ਨੇ ਕਿਹਾ, ‘ਤੁਸੀਂ ਲੋਕ ਬਹੁਤ ਕਾਹਲੇ ਪੈ ਰਹੇ ਹੋ। ਜੇਕਰ ਅਜਿਹੀ ਕੋਈ ਗੱਲ ਹੋਵੇਗੀ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗਾ।’ ਇਸ ਸਬੰਧੀ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਜਬਲਪੁਰ ’ਚ ਕਿਹਾ, ‘ਮੈਂ ਕੱਲ੍ਹ ਰਾਤ ਸਾਢੇ 10 ਵਜੇ ਕਮਲਨਾਥ ਨਾਲ ਗੱਲ ਕੀਤੀ, ਉਹ ਛਿੰਦਵਾੜਾ ’ਚ ਸਨ।’ ਉਨ੍ਹਾਂ ਕਿਹਾ, ‘ਇੱਕ ਵਿਅਕਤੀ ਜਿਸ ਨੇ ਆਪਣੀ ਸਿਆਸੀ ਯਾਤਰਾ ਕਾਂਗਰਸ ਤੋਂ ਸ਼ੁਰੂ ਕੀਤੀ ਅਤੇ ਜਦੋਂ ਇੰਦਰਾ ਗਾਂਧੀ ਨੂੰ ਜਨਤਾ ਪਾਰਟੀ ਵੱਲੋਂ ਜੇਲ੍ਹ ਭੇਜਿਆ ਗਿਆ ਤਾਂ ਉਹ ਨਹਿਰੂ-ਗਾਂਧੀ ਪਰਿਵਾਰ ਦੇ ਨਾਲ ਖੜ੍ਹੇ ਸਨ। ਕੀ ਤੁਹਾਨੂੰ ਲਗਦਾ ਹੈ ਕਿ ਅਜਿਹਾ ਵਿਅਕਤੀ ਕਦੀ ਕਾਂਗਰਸ ਤੇ ਗਾਂਧੀ ਪਰਿਵਾਰ ਨੂੰ ਛੱਡੇਗਾ?’ ਮੰਨਿਆ ਜਾ ਰਿਹਾ ਹੈ ਕਿ ਕਮਲਨਾਥ ਰਾਜ ਸਭਾ ਸੀਟ ਨਾ ਮਿਲਣ ਕਾਰਨ ਨਾਰਾਜ਼ ਹਨ ਅਤੇ ਪਿਛਲੇ ਸਾਲ ਦੇ ਅਖੀਰ ਵਿੱਚ ਹੋਈਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਮਗਰੋਂ ਰਾਹੁਲ ਗਾਂਧੀ ਵੀ ਉਨ੍ਹਾਂ ਦੇ ਵਿਰੋਧ ਵਿੱਚ ਹਨ। ਚੋਣ ਨਤੀਜਿਆਂ ਮਗਰੋਂ ਕਮਲਨਾਥ ਨੂੰ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਜੀਤੂ ਪਟਵਾਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। -ਪੀਟੀਆਈ

ਕੀ ਇੰਦਰਾ ਗਾਂਧੀ ਦਾ ਤੀਜਾ ਪੁੱਤ ਪਾਰਟੀ ਛੱਡ ਸਕਦੈ: ਜੀਤੂ ਪਟਵਾਰੀ

ਭੋਪਾਲ: ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਮਲ ਨਾਥ ਨੂੰ ਆਪਣਾ ਤੀਜਾ ਪੁੱਤਰ ਦੱਸਿਆ ਸੀ। ਪਟਵਾਰੀ ਨੇ ਉਨ੍ਹਾਂ ਕਿਆਸਅਰਾਈਆਂ ਨੂੰ ਖਾਰਜ ਕਰ ਦਿੱਤਾ ਕਿ ਪਾਰਟੀ ਦੇ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ ਹੋਣ ਲਈ ਕਾਂਗਰਸ ਛੱਡ ਸਕਦੇ ਹਨ। ਉਨ੍ਹਾਂ ਕਿਹਾ, ‘ਕੀ ਤੁਸੀਂ ਸੋਚ ਸਕਦੇ ਹੋ ਕਿ ਇੰਦਰਾ ਜੀ ਦਾ ਤੀਜਾ ਪੁੱਤਰ ਭਾਜਪਾ ’ਚ ਸ਼ਾਮਲ ਹੋਵੇਗਾ?’ ਉਨ੍ਹਾਂ ਕਿਹਾ ਕਿ ਕਮਲ ਨਾਥ ਉਸ ਸਮੇਂ ਵੀ ਕਾਂਗਰਸ ਨਾਲ ਡਟ ਕੇ ਖੜ੍ਹੇ ਰਹੇ ਜਦੋਂ ਮਾਰਚ 2020 ਵਿੱਚ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਨੂੰ ਤੋੜ ਕੇ ਜਯੋਤਿਰਦਿੱਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। -ਪੀਟੀਆਈ

LEAVE A REPLY

Please enter your comment!
Please enter your name here