ਚਰਨਜੀਤ ਭੁੱਲਰ

ਚੰਡੀਗੜ੍ਹ, 28 ਮਾਰਚ

ਆਮ ਆਦਮੀ ਪਾਰਟੀ ‘ਆਪ’ ਹੁਣ ‘ਅਪਰੇਸ਼ਨ ਲੋਟਸ’ ਦੀ ਸੰਭਾਵੀ ਚੁਣੌਤੀ ਨਾਲ ਨਜਿੱਠਣ ਵਿਚ ਜੁੱਟ ਗਈ ਹੈ। ‘ਆਪ’ ਵੱਲੋਂ ਹੁਣ ਪਾਰਟੀ ਵਿਧਾਇਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਵਿਚ ਸ਼ਮੂਲੀਅਤ ਕਰਨ ਮਗਰੋਂ ‘ਆਪ’ ਵਿਧਾਇਕਾਂ ਦੀ ਸਰਕਾਰ ਅੰਦਰ ਪੁੱਛਗਿੱਛ ਵਧ ਗਈ ਹੈ। ‘ਆਪ’ ਨੇ ਆਪਣੇ ਵਿਧਾਇਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਪਾਰਟੀ ਨੇ ਅੰਦਰੋ-ਅੰਦਰੀ ਵਿਧਾਇਕਾਂ ’ਤੇ ਨਜ਼ਰ ਵੀ ਰੱਖਣੀ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਪਹੁੰਚ ਗਏ ਹਨ ਅਤੇ ਉਹ ‘ਇੰਡੀਆ ਬਲਾਕ’ ਦੀ 31 ਮਾਰਚ ਨੂੰ ਹੋਣ ਵਾਲੀ ਰੋਸ ਰੈਲੀ ਦੀ ਤਿਆਰੀ ਵਿਚ ਜੁਟ ਗਏ ਹਨ। ਪੰਜਾਬ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੇ ਜਥੇ ਵੀ ਭਲਕੇ ਦਿੱਲੀ ਪਹੁੰਚ ਰਹੇ ਹਨ। ਸੂਤਰ ਦੱਸਦੇ ਹਨ ਕਿ ਜਿੱਥੇ 31 ਮਾਰਚ ਦੀ ਰੈਲੀ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ, ਉੱਥੇ ਪੰਜਾਬ ਦੇ ਵਿਧਾਇਕਾਂ ਨੂੰ ‘ਆਪ’ ਵੱਲੋਂ ਥਾਪੜਾ ਵੀ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਅਪਰੈਲ ਦੇ ਪਹਿਲੇ ਹਫ਼ਤੇ ਮੁੱਖ ਮੰਤਰੀ ਲੋਕ ਸਭਾ ਹਲਕਾ ਵਾਈਜ਼ ਪਾਰਟੀ ਵਿਧਾਇਕਾਂ ਅਤੇ ਵਜ਼ੀਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਮੀਟਿੰਗਾਂ ਵਿਚ ਪਾਰਟੀ ਵਿਧਾਇਕਾਂ ਦੀਆਂ ਮੁਸ਼ਕਲਾਂ ਅਤੇ ਹਲਕੇ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ। ਇਨ੍ਹਾਂ ਮੀਟਿੰਗਾਂ ਵਿਚ ਲੋਕ ਸਭਾ ਚੋਣਾਂ ਦੀ ਰਣਨੀਤੀ ਵੀ ਘੜੀ ਜਾਵੇਗੀ। ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਔਖ ਦੀ ਘੜੀ ’ਚ ਪੰਜਾਬ ਦੇ ਵਿਧਾਇਕਾਂ ਦੀ ਵਫ਼ਾਦਾਰੀ ਨੂੰ ਵੀ 31 ਮਾਰਚ ਦੀ ਰੈਲੀ ਬਹਾਨੇ ਪਰਖਣ ਦਾ ਮੌਕਾ ਮਿਲੇਗਾ। ਦਿੱਲੀ ਰੈਲੀ ਲਈ ਪਾਰਟੀ ਦੇ ਹਰ ਵਿਧਾਇਕ ਨੂੰ ਵੱਡੀ ਗਿਣਤੀ ਵਿਚ ਵਾਲੰਟੀਅਰ ਲਿਆਉਣ ਲਈ ਕਿਹਾ ਗਿਆ ਹੈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਅਸੰਤੁਸ਼ਟ ਵਿਧਾਇਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

‘ਆਪ’ ਦੇ ਤਿੰਨ ਵਿਧਾਇਕਾਂ ਜਗਦੀਪ ਸਿੰਘ ਗੋਲਡੀ ਕੰਬੋਜ, ਰਾਜਿੰਦਰਪਾਲ ਕੌਰ ਅਤੇ ਅਮਨਦੀਪ ਸਿੰਘ ਨੇ ਲੰਘੇ ਕੱਲ੍ਹ ਪ੍ਰਗਟਾਵਾ ਕੀਤਾ ਸੀ ਕਿ ਉਨ੍ਹਾਂ ਨੂੰ ਫ਼ੋਨ ਕਾਲਾਂ ਆ ਰਹੀਆਂ ਹਨ ਅਤੇ ਭਾਜਪਾ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਬਦਲੇ ਵਿਚ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਜੋ ਸਚਾਈ ਲੋਕਾਂ ਸਾਹਮਣੇ ਆ ਸਕੇ। ‘ਆਪ’ ’ਚ ਸ਼ਾਮਲ ਹੋਏ ਡਾ.ਰਾਜ ਕੁਮਾਰ ਚੱਬੇਵਾਲ ਦੀ ਹੁਸ਼ਿਆਰਪੁਰ ਤੋਂ ਸੰਭਾਵੀ ਉਮੀਦਵਾਰੀ ਨੂੰ ਲੈ ਕੇ ਵੀ ਕਈ ਚਰਚੇ ਸ਼ੁਰੂ ਹੋ ਗਏ ਹਨ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਕਿਹਾ ਕਿ ਜ਼ਿਆਦਾਤਰ ਵਿਧਾਇਕਾਂ ਨੂੰ ਫ਼ੋਨ ਆ ਰਹੇ ਹਨ ਅਤੇ ਵਿਧਾਇਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ੋਨ ਕਰਨ ਵਾਲਾ ਹਲਕੀ ਸੁਰ ਵਿਚ ਧਮਕੀ ਵੀ ਦੇ ਰਿਹਾ ਹੈ ਕਿ ਜੇਕਰ ਉਹ ਭਾਜਪਾ ਵਿਚ ਸ਼ਮੂਲੀਅਤ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਇਕੱਲੀ ਗੁੰਡਾਗਰਦੀ ਹੀ ਨਹੀਂ ਕਰ ਰਹੀ ਬਲਕਿ ਦੇਸ਼ ਨਾਲ ਵੀ ਧੋਖਾ ਕਰ ਰਹੀ ਹੈ ਜਿਸ ਨਾਲ ਦੇਸ਼ ਨੂੰ ਨੁਕਸਾਨ ਹੋਵੇਗਾ।

ਈਡੀ ਨੇ ਪੰਜਾਬ ’ਚ ਹੋਏ ਘਪਲੇ ਜਨਤਕ ਕੀਤੇ: ਜਾਖੜ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ’ਚ ਕੀਤੀ ਛਾਪੇਮਾਰੀ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਦੇ ਵਸੀਲਿਆਂ ਦੀ ਖੁੱਲ੍ਹੇਆਮ ਲੁੱਟ ਹੋਈ ਹੈ ਜਿਸ ਦਾ ਸਬੂਤ ਅਮਰੂਦ ਬਾਗ਼ ਘੁਟਾਲ਼ਾ ਅਤੇ ਆਬਕਾਰੀ ਘੁਟਾਲ਼ਾ ਹੈ। ਉਨ੍ਹਾਂ ਕਿਹਾ ਕਿ ਈਡੀ ਸੱਚ ਨੂੰ ਸਾਹਮਣੇ ਲਿਆ ਰਹੀ ਹੈ ਅਤੇ ਸੂਬੇ ਦੀ ਲੁੱਟ ’ਚ ਸ਼ਾਮਲ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਖੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ‘ਆਪ’ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਜਾਂਚ ਕਰਾਈ ਜਾਵੇ ਅਤੇ ਇਸੇ ਤਰ੍ਹਾਂ ‘ਆਪ’ ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਇਹ ਪਤਾ ਲਗਾਏ ਕਿ ਪ੍ਰਸਤਾਵ ਕਿਸ ਨੇ ਦਿੱਤਾ ਅਤੇ ਕਿਸ ਨੂੰ ਪੈਸੇ ਮਿਲੇ। ਭਾਜਪਾ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵੀ ਹੋਈ ਜਿਸ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹੀ ਪਾਰਟੀ ਪੂਰਾ ਜ਼ੋਰ ਲਾਏਗੀ। ਮੀਟਿੰਗ ਵਿਚ ਆਗੂਆਂ ਨੇ ਅਕਾਲੀ ਦਲ ਨਾਲ ਗੱਠਜੋੜ ਨਾ ਕੀਤੇ ਜਾਣ ਬਾਰੇ ਫੀਡਬੈਕ ਵੀ ਪ੍ਰਾਪਤ ਕੀਤੀ। ਅੱਜ ਜਾਖੜ ਦੀ ਮੌਜੂਦਗੀ ਵਿੱਚ ਭੋਆ ਵਿਧਾਨ ਸਭਾ ਤੋਂ 2022 ’ਚ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਰਾਕੇਸ਼ ਕੁਮਾਰ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਜ਼ਿਲ੍ਹਾ ਪਠਾਨਕੋਟ ਭਾਜਪਾ ਪ੍ਰਧਾਨ ਵਿਜੇ ਸ਼ਰਮਾ, ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਵੀ ਹਾਜ਼ਰ ਸਨ। ਕੋਰ ਕਮੇਟੀ ਦੀ ਮੀਟਿੰਗ ਵਿਚ ਭਾਜਪਾ ਦੇ ਟਕਸਾਲੀ ਨੇਤਾਵਾਂ ਨੇ ਅੱਜ ਇਹ ਗੱਲ ਖੁੱਲ੍ਹ ਕੇ ਕਹੀ ਕਿ ਲੋਕ ਸਭਾ ਦੀਆਂ ਟਿਕਟਾਂ ਬਾਹਰਲੇ ਆਗੂਆਂ ਨੂੰ ਨਾ ਦਿੱਤੀਆਂ ਜਾਣ ਬਲਕਿ ਇਸ ਦੀ ਥਾਂ ਪਾਰਟੀ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਵਿਚਾਰਿਆ ਜਾਵੇ। ਇੰਚਾਰਜ ਵਿਜੇ ਰੂਪਾਨੀ ਨੇ ਕਿਹਾ ਕਿ ਕੁੱਝ ਸੀਟਾਂ ’ਤੇ ਤਾਂ ਅਜਿਹਾ ਹੋਵੇਗਾ ਪ੍ਰੰਤੂ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਜ਼ਰੂਰ ਵਿਚਾਰਿਆ ਜਾਵੇਗਾ। ਗ਼ੈਰਰਸਮੀ ਤੌਰ ’ਤੇ ਰੂਪਾਨੀ ਨੇ ਗੱਲਬਾਤ ਦੌਰਾਨ ਪਾਰਟੀ ਆਗੂਆਂ ਕੋਲ ‘ਅਪਰੇਸ਼ਨ ਲੋਟਸ’ ਨੂੰ ਅਫ਼ਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਲੋਂ ਆਪਣੇ ਵਿਧਾਇਕ ਸਾਂਭੇ ਨਹੀਂ ਜਾ ਰਹੇ ਉਲਟਾ ‘ਆਪ’ ਵਾਲੇ ਹੀ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ’ਤੇ ਅੱਜ ਦਿੱਲੀ ਵਿਚ ਵਿਚਾਰ ਚਰਚਾ ਹੋਈ। ਪਾਰਟੀ ਪ੍ਰਧਾਨ ਜੇ.ਪੀ ਨੱਢਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਇੰਚਾਰਜ ਵਿਜੇ ਰੂਪਾਨੀ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਏ। ਮੀਟਿੰਗ ਵਿਚ ਹਰ ਹਲਕੇ ਤੋਂ ਸੰਭਾਵੀ ਤਿੰਨ ਉਮੀਦਵਾਰਾਂ ਦੇ ਪੈਨਲ ’ਤੇ ਚਰਚਾ ਕੀਤੀ ਗਈ। ਟਿਕਟਾਂ ਬਾਰੇ ਆਖ਼ਰੀ ਫ਼ੈਸਲਾ ਪਾਰਲੀਮਾਨੀ ਬੋਰਡ ਨੇ ਲੈਣਾ ਹੈ।

LEAVE A REPLY

Please enter your comment!
Please enter your name here