ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 24 ਮਾਰਚ

ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਉੱਚੀਆ ਫ਼ਸਲਾਂ ਦੀ ਬਿਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਬੀਐੱਸਐੱਫ ਨੇ ਸਰਹੱਦੀ ਪੱਟੀ ਨੇੜੇ ਉੱਚੀ ਉਸਾਰੀ ਤੋਂ ਇਲਾਵਾ ਉੱਚੀਆਂ ਫ਼ਸਲਾਂ ਨੂੰ ਲਗਾਉਣ ’ਤੇ ਇਤਰਾਜ਼ ਜਤਾਇਆ ਹੈ। ਇਸ ਸਬੰਧ ਵਿੱਚ ਬੀਐੱਸਐੱਫ ਦੇ 73 ਬਟਾਲੀਅਨ ਦੇ ਕਮਾਂਡਰ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਸੀ। ਬੀਐੱਸਐੱਫ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਇਨ੍ਹਾਂ ਉੱਚੀਆਂ ਫਸਲਾਂ ਦੇ ਕਾਰਨ ਤਸਕਰਾਂ ਨੂੰ ਲੁਕਣ ਦੀ ਥਾਂ ਮਿਲ ਜਾਂਦੀ ਹੈ ਅਤੇ ਉਹ ਦੇਸ਼ ਵਿਰੋਧੀ ਹਰਕਤਾਂ ਅੰਜਾਮ ਦਿੰਦੇ ਹਨ। ਇਸ ਲਈ ਤੁਰੰਤ ਰੋਕਥਾਮ ਅਤੇ ਜਲਦੀ ਉਪਾਅ ਦੀ ਲੋੜ ਹੈ। ਇਸ ਤੋਂ ਤੁਰੰਤ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਸੀ.ਆਰ.ਪੀ.ਸੀ. ਦੀ ਧਾਰਾ 44 ਅਧੀਨ ਅੰਤਰਰਾਸ਼ਟਰੀ ਸਰਹੱਦ ਅਤੇ ਸਰਹੱਦੀ ਸੁਰੱਖਿਆ ਵਾੜ ਦੇ ਵਿਚਕਾਰ ਉੱਚੀਆਂ ਫਸਲਾਂ ਦੀ ਕਾਸ਼ਤ ਨਾ ਕਰਨ ਦੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਖੇਤਰ ‘ਤੇ ਸਰਹੱਦੀ ਵਾੜ ਲਾਈਨ ਦੇ ਆਲੇ ਦੁਆਲੇ 1 ਕਿਲੋਮੀਟਰ ਦੇ ਖੇਤਰ ਦੇ ਅੰਦਰ ਉੱਚੀਆਂ ਫ਼ਸਲਾਂ ਦੀ ਬਿਜਾਈ ਜਾਂ ਕਿਸੇ ਵੀ ਉੱਚੀ ਉਸਾਰੀ ਦੀ ਮਨਾਹੀ ਕੀਤੀ ਗਈ ਹੈ। ਇਹ ਹੁਕਮ 30 ਜੂਨ ਤੱਕ ਲਾਗੂ ਰਹੇਗਾ।

 

LEAVE A REPLY

Please enter your comment!
Please enter your name here