ਬੰਗਲੂਰੂ, 19 ਅਪਰੈਲ

ਦੇਸ਼ ਦੀਆਂ ਤਿੰਨ ਸਭ ਤੋਂ ਵੱਡੀਆਂ ਸੂਚਨਾ ਤਕਨਾਲੋਜੀ (ਆਈਟੀ) ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਵਿਪਰੋ ਵਿੱਚ ਵਿੱਤੀ ਵਰ੍ਹੇ 2023-24 ਵਿੱਚ ਕਰੀਬ 64,000 ਮੁਲਾਜ਼ਮ ਘੱਟ ਹੋਏ ਹਨ। ਦੁਨੀਆ ਭਰ ਵਿੱਚ ਕਮਜ਼ੋਰ ਮੰਗ ਅਤੇ ਗਾਹਕਾਂ ਦੇ ਤਕਨੀਕੀ ਖਰਚੇ ਵਿੱਚ ਕਟੌਤੀ ਕਰ ਕੇ ਇਨ੍ਹਾਂ ਕੰਪਨੀਆਂ ’ਚ ਕਰਮਚਾਰੀਆਂ ਦੀ ਗਿਣਤੀ ਘਟੀ ਹੈ। ਵਿਪਰੋ ਨੇ ਅੱਜ ਆਪਣੀ ਚੌਥੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਮਾਰਚ 2024 ਤੱਕ ਉਸ ਦੇ ਮੁਲਾਜ਼ਮਾਂ ਦੀ ਗਿਣਤੀ ਘੱਟ ਕੇ 2,34,054 ਰਹਿ ਗਈ ਜੋ ਕਿ ਇਸ ਤੋਂ ਇਕ ਸਾਲ ਪਹਿਲਾਂ ਇਸੇ ਮਹੀਨੇ ਦੇ ਅਖ਼ੀਰ ਵਿੱਚ 2,58,570 ਸੀ। ਇਸ ਤਰ੍ਹਾਂ ਮਾਰਚ 2024 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੌਰਾਨ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 24,516 ਦੀ ਕਮੀ ਆਈ। ਵਿਪਰੋ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਸੌਰਭ ਗੋਵਿਲ ਨੇ ਕਿਹਾ ਕਿ ਮੁਲਾਜ਼ਮਾਂ ਦੀ ਗਿਣਤੀ ਵਿੱਚ ਕਮੀ ਮੁੱਖ ਤੌਰ ’ਤੇ ਬਾਜ਼ਾਰ ਤੇ ਮੰਗ ਦੇ ਹਾਲਾਤ ਦੇ ਨਾਲ ਹੀ ਆਪ੍ਰੇਸ਼ਨਲ ਕੁਸ਼ਲਤਾ ਕਾਰਨ ਹੋਈ। ਭਾਰਤ ਦਾ ਆਈਟੀ ਸੇਵਾ ਉਦਯੋਗ ਆਲਮੀ ਵਿਆਪਕ ਆਰਥਿਕ ਅਨਿਸ਼ਚਿਤਤਾ ਅਤੇ ਭੂ-ਰਾਜਨੀਤਕ ਉਤਾਰ-ਚੜ੍ਹਾਓ ਕਰ ਕੇ ਦਬਾਅ ਮਹਿਸੂਸ ਕਰ ਰਿਹਾ ਹੈ।

ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਸੇਵਾ ਬਰਾਮਦਕਾਰ ਇਨਫੋਸਿਸ ਨੇ ਕਿਹਾ ਕਿ ਮਾਰਚ 2024 ਦੇ ਅਖ਼ੀਰ ਵਿੱਚ ਉਸ ਦੇ ਕੁੱਲ ਮੁਲਾਜ਼ਮਾਂ ਦੀ ਗਿਣਤੀ 3,17,240 ਸੀ ਜੋ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 3,43,234 ਸੀ। ਇਸ ਤਰ੍ਹਾਂ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ 25,994 ਦੀ ਕਮੀ ਆਈ। ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟੀਸੀਐੱਸ ਵਿੱਚ ਵੀ ਕਰਮਚਾਰੀਆਂ ਦੀ ਗਿਣਤੀ ’ਚ 13,249 ਦਾ ਨਿਘਾਰ ਆਇਆ ਅਤੇ ਲੰਘੇ ਵਰ੍ਹੇ ਦੇ ਅਖ਼ੀਰ ਤੱਕ ਇਸ ਦੇ ਕੁੱਲ 6,01,546 ਮੁਲਾਜ਼ਮ ਸਨ। -ਪੀਟੀਆਈ

LEAVE A REPLY

Please enter your comment!
Please enter your name here