ਮੁੰਬਈ, 15 ਫਰਵਰੀ

ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਕਿਹਾ ਕਿ ਅਜੀਤ ਪਵਾਰ ਦੀ ਅਗਵਾਈ ਹੇਠਲੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਉਸ ਵੇਲੇ ਅਸਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਸੀ ਜਦ ਪਾਰਟੀ ’ਚ ਫੁੱਟ ਵੇਲੇ ਜੁਲਾਈ 2023 ’ਚ ਦੋ ਧਿਰਾਂ ਉਭਰੀਆਂ ਸਨ। ਇਹ ਕਹਿ ਕੇ ਉਨ੍ਹਾਂ ਅਜੀਤ ਅਤੇ ਸ਼ਰਦ ਪਵਾਰ ਧਿਰਾਂ ਦੀਆਂ ਅਯੋਗ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ।

ਨਾਰਵੇਕਰ ਨੇ ਵਿਧਾਨ ਸਭਾ ’ਚ ਆਪਣੇ ਫੈਸਲਾ ’ਚ ਕਿਹਾ, ‘‘ਵਿਧਾਇਕਾਂ ਦੀ ਅਯੋਗਤਾ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਖਾਰਜ ਕੀਤੀਆਂ ਜਾਂਦੀਆਂ ਹਨ। ਅਜੀਤ ਪਵਾਰ ਨੇ ਆਪਣੇ ਸਮਰਥਕਾਂ ਨਾਲ ਜੁਲਾਈ 2023 ’ਚ ਮਹਾਰਾਸ਼ਟਰ ਦੀ ਸ਼ਿਵਸੈਨਾ-ਭਾਜਪਾ ਸਰਕਾਰ ’ਚ ਸ਼ਾਮਲ ਹੋਣ ਤੇ ਉਪ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕਣ ਮਗਰੋਂ ਅਯੋਗ ਪਟੀਸ਼ਨਾਂ ਸ਼ਰਦ ਪਵਾਰ ਤੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦੇ ਧੜਿਆਂ ਨੇ ਦਾਇਰ ਕੀਤੀਆਂ ਸਨ। ਨਾਰਵੇਕਰ ਨੇ ਫੈਸਲੇ ’ਚ ਕਿਹਾ ਕਿ ਪਾਰਟੀ ਸੰਸਥਾਪਕ ਸ਼ਰਦ ਪਵਾਰ ਦੇ ਫੈਸਲਿਆਂ ’ਤੇ ਸਵਾਲ ਚੁੱਕਣਾ ਜਾਂ ਉਨ੍ਹਾਂ ਦੀ ਇੱਛਾ ਨੂੰ ਨਾ ਮੰਨਣਾ ਦਲ-ਬਦਲੀ ਨਹੀਂ ਹੈ ਬਲਕਿ ਇਹ ਸਿਰਫ਼ ਇਕ ਅੰਦਰੂਨੀ ਅਸਹਿਮਤੀ ਹੈ। ਫੈਸਲੇ ’ਚ ਕਿਹਾ ਗਿਆ ਹੈ ਕਿ ਪਾਰਟੀ ’ਚ (ਜੁਲਾਈ 2023 ’ਚ) ਵਾਪਰਿਆ ਘਟਨਾਕ੍ਰਮ ਸਪਸ਼ਟ ਰੂਪ ’ਚ ਪਾਰਟੀ ਦੀ ਅੰਦਰੂਨੀ ਅਸਹਿਮਤੀ ਸੀ। ਸਪੀਕਰ ਨੇ ਕਿਹਾ ਪਾਰਟੀ ’ਚ ਫੁੱਟ ਪੈਣ ਵੇਲੇ ਅਜੀਤ ਪਵਾਰ ਧੜੇ ’ਚ `ਜ਼ਿਆਦਾ ਵਿਧਾਇਕ ਸਨ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਸਪੀਕਰ ਨੇ ਆਪਣੇ ਫੈਸਲੇ ਨੂੰ ਯੋਗ, ਟਿਕਾਊ ਅਤੇ ਸੁਪਰੀਮ ਕੋਰਟ ਸਿਧਾਂਤਾਂ ’ਤੇ ਅਧਾਰਿਤ ਕਰਾਰ ਦਿੱਤਾ ਹੈ। ਫੈਸਲਾ ਸੁਣਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਰਵੇਕਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ। ਉੱਧਰ, ਐੱਨਸੀਪੀ ਦੇ ਸੰਸਥਾਪਕ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਹਾਲਾਂਕਿ ਇਹ ਅੱਜ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਕਿਸੇ ਨੂੰ ਵੀ ਉਨ੍ਹਾਂ ਚੁਣੌਤੀਆਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਜੋ ਇਸ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸੂਬੇ ਦੇ ਅਕਸ ਨੂੰ ਸੁਧਾਰਨ ਲਈ ਇਕਜੁੱਟ ਰਹਿਣ ਤੇ ਕੰਮ ਕਰਨ ਦੀ ਲੋੜ ਹੈ। -ਪੀਟੀਆਈ

‘ਆਦ੍ਰਿਸ਼ ਤਾਕਤਾਂ’ ਨੇ ਮੇਰੇ ਪਿਤਾ ਤੋਂ ਪਾਰਟੀ ਖੋਹੀ: ਸੁੂਲੇ

ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦਚੰਦਰ ਪਵਾਰ ਦੀ ਆਗੂ ਤੇ ਐੱਨਸੀਪੀ ਦੇ ਸੰਸਥਾਪਕ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਆਦ੍ਰਿਸ਼ ਤਾਕਤਾਂ’ ਨੇ ਉਨ੍ਹਾਂ ਦੇ ਪਿਤਾ ਤੋਂ ਉਨ੍ਹਾਂ ਦੀ ਪਾਰਟੀ ਖੋਹ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਰਦ ਪਵਾਰ ਐਨਸੀਪੀ ਦੇ ਸੰਸਥਾਪਕ ਹਨ, ਸੀ ਅਤੇ ਰਹਿਣਗੇ। ‘ਆਦ੍ਰਿਸ਼ ਤਾਕਤਾਂ’ ਨੇ ਉਨ੍ਹਾਂ ਤੋਂ ਪਾਰਟੀ ਖੋਹਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਫੈਸਲੇ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਵੱਲੋਂ ਸਥਾਪਿਤ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ਕਿਸੇ ਹੋਰ ਨੂੰ ਦੇ ਕੇ ਨਵੀਂ ਪਿਰਤ ਪਾਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ‘ਗੈਬੀ ਸ਼ਕਤੀ’ ਮਹਾਰਾਸ਼ਟਰ ਅਧਾਰਤ ਦੋਵੇਂ ਮਹੱਤਵਪੂਰਨ ਪਾਰਟੀਆਂ ਐੱਨਸੀਪੀ ਅਤੇ ਸ਼ਿਵ ਸੈਨਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੇ ਦੇਸ਼ ਨੂੰ ਨਿਯਮਾਂ, ਕਾਨੂੰਨਾਂ ਅਤੇ ਸੰਵਿਧਾਨਕ ਨਿਯਮਾਂ ਨੂੰ ਬਾਈਪਾਸ ਕਰ ਕੇ ਚਲਾਇਆ ਜਾ ਰਿਹਾ ਹੈ।

ਸ਼ਰਦ ਪਵਾਰ ਧੜੇ ਵੱਲੋਂ ਫੈਸਲਾ ‘ਕਾਪੀ-ਪੇਸਟ’ ਕਰਾਰ

ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਇਸ ਫੈਸਲੇ ਨੂੰ ‘ਹਾਸੋਹੀਣਾ’ ਤੇ ‘ਕਾਪੀ-ਪੇਸਟ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਦਾ ਦਫਤਰ ‘ਕਾਪੀ-ਪੇਸਟ’ ਫੈਸਲੇ ਨਾਲ ਚੱਲਦਾ ਹੈ। -ਪੀਟੀਆਈ

LEAVE A REPLY

Please enter your comment!
Please enter your name here