ਧਾਰ, 6 ਮਾਰਚ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਵੱਲੋਂ ਆਦਿਵਾਸੀਆਂ ਨੂੰ ਵਣਵਾਸੀ ਆਖਣ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਦਿਵਾਸੀ ਹੀ ਦੇਸ਼ ਦੇ ਅਸਲ ਮਾਲਕ ਹਨ। ਉਨ੍ਹਾਂ ਕਿਹਾ ਕਿ ਆਮ ਚੋਣਾਂ ਤੋਂ ਬਾਅਦ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਪੂਰੇ ਦੇਸ਼ ’ਚ ਜਾਤੀ ਜਨਗਣਨਾ ਕਰਾਉਣ ਅਤੇ ਫ਼ਸਲਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੇ ਸਭ ਤੋਂ ਪਹਿਲਾਂ ਫ਼ੈਸਲੇ ਲਏ ਜਾਣਗੇ। ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਕਸਬੇ ਬਦਨਾਵਰ ’ਚ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਇਕੱਠ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਹਾਜ਼ਰ ਸਨ। ਰਾਹੁਲ ਨੇ ਕਿਹਾ ਕਿ ਕਾਂਗਰਸ ਸਮਾਜਿਕ ਅਤੇ ਆਰਥਿਕ ਤੌਰ ’ਤੇ ਨਿਆਂ ਕਰਨ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਵੀ ਇਨਸਾਫ਼ ਦਿੱਤਾ ਜਾਵੇਗਾ। ‘ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਪਣੀਆਂ ਫ਼ਸਲਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਮੰਗ ਰਹੇ ਹਨ। ਪਰ ਭਾਜਪਾ ਸਰਕਾਰ ਆਖ ਰਹੀ ਹੈ ਕਿ ਉਹ ਐੱਮਐੱਸਪੀ ਨਹੀਂ ਦੇਣਗੇ ਜਦਕਿ ਉਸ ਨੇ 100 ਕਾਰੋਬਾਰੀਆਂ ਦੇ 16 ਲੱਖ ਕਰੋੜ ਰੁਪਏ ਮੁਆਫ਼ ਕਰ ਦਿੱਤੇ ਹਨ ਜੋ ਮਨਰੇਗਾ ਦਾ 24 ਸਾਲਾਂ ਦੇ ਬਜਟ ਬਰਾਬਰ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲ ਸਕੇ। ਭਾਰਤ ਜੋੜੋ ਨਿਆਏ ਯਾਤਰਾ ਵੀਰਵਾਰ ਨੂੰ ਰਾਜਸਥਾਨ ਤੋਂ ਹੁੰਦੀ ਹੋਈ ਬਾਅਦ ਦੁਪਹਿਰ ਗੁਜਰਾਤ ’ਚ ਦਾਖ਼ਲ ਹੋਵੇਗੀ।

LEAVE A REPLY

Please enter your comment!
Please enter your name here