ਗਗਨਦੀਪ ਅਰੋੜਾ

ਲੁਧਿਆਣਾ, 17 ਫਰਵਰੀ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਮੈਦਾਨ ਭਖ ਗਿਆ ਹੈ ਅਤੇ ਸੂਬੇ ਦੀਆਂ 13 ਸੀਟਾਂ ’ਚੋਂ ਲੁਧਿਆਣਾ ਸੀਟ ‘ਹੌਟ’ ਬਣਨ ਦੀ ਸੰਭਾਵਨਾ ਹੈ। ਇੱਥੇ ਮੁਕਾਬਲਾ ਕਾਫ਼ੀ ਸਖਤ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਵਾਰ ਟਕਸਾਲੀ ਕਾਂਗਰਸੀ ਰਹੇ ਦਿੱਗਜ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ’ਚ ਹਨ। ਕਿਸੇ ਸਮੇਂ ਕਾਂਗਰਸ ’ਚ ਰਹਿ ਕੇ ਇੱਕ ਦੂਸਰੇ ਲਈ ਵੋਟਾਂ ਮੰਗਣ ਵਾਲੇ ਉਮੀਦਵਾਰ ਹੁਣ ਲੋਕ ਸਭਾ ਚੋਣਾਂ ’ਚ ਪ੍ਰਚਾਰ ਦੌਰਾਨ ਇੱਕ ਦੂਸਰੇ ਦਾ ਪੋਲ ਖੋਲ੍ਹਣਗੇ। ਇਨ੍ਹਾਂ ਚੋਣਾਂ ਵਿੱਚ ਭਾਜਪਾ ਤੇ ‘ਆਪ’ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਕਾਂਗਰਸੀ ਹੀ ਹਨ। ਭਾਜਪਾ ਤੋਂ ਰਵਨੀਤ ਬਿੱਟੂ ਉਮੀਦਵਾਰ ਵਜੋਂ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਜਦੋਂ ਕਿ ‘ਆਪ’ ਵੱਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪੱਪੀ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਸੇ ਵੇਲੇ ਟਕਸਾਲੀ ਕਾਂਗਰਸੀ ਰਹੇ ਹਨ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ‘ਆਪ’ ’ਚ ਸ਼ਾਮਲ ਹੋ ਕੇ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਪਹਿਲਾਂ 2019 ਵਿੱਚ ਉਨ੍ਹਾਂ ਬਿੱਟੂ ਲਈ ਪ੍ਰਚਾਰ ਕੀਤਾ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਾਂ ਫਿਰ ਸੰਜੇ ਤਲਵਾੜ ਨੂੰ ਟਿਕਟ ਦੇਣ ਦੀ ਚਰਚਾ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਦੇ ਆਗੂ ਇਸ ਵਾਰ ਆਹਮੋਂ-ਸਾਹਮਣੇ ਹੋ ਕੇ ਇੱਕ ਦੂਸਰੇ ਦੀ ਪੋਲ ਖੋਲ੍ਹਦੇ ਨਜ਼ਰ ਆਉਣਗੇ, ਜਿਸ ਤੋਂ ਬਾਅਦ ਮੁਕਾਬਲਾ ਹੋਰ ਦਿਲਚਸਪ ਹੋ ਜਾਵੇਗਾ।

ਕਾਬਿਲੇਗੌਰ ਹੈ ਕਿ ‘ਆਪ’ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਸੀ ਤੇ ਉਸ ਵੇਲੇ ਪਾਰਟੀ ਨੂੰ ਕਾਫ਼ੀ ਬਲ ਮਿਲਿਆ ਸੀ। ਜੇਕਰ ਦੇਖਿਆ ਜਾਵੇ ਤਾਂ ਸ਼ਹਿਰ ਦੀਆਂ 6 ਸ਼ਹਿਰੀ ਵਿਧਾਨ ਸਭਾ ਸੀਟਾਂ ’ਚੋਂ ਪੰਜ ਵਿਧਾਇਕਾਂ ਦਾ ਕਿਸੇ ਸਮੇਂ ਕਾਂਗਰਸ ਨਾਲ ਰਿਸ਼ਤਾ ਰਿਹਾ ਹੈ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਕਾਂਗਰਸ ਨੂੰ ਝਟਕਾ ਦਿੰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਰਵਨੀਤ ਸਿੰਘ ਬਿੱਟੂ ਦੀ ਭਾਜਪਾ ’ਚ ਸ਼ਮੂਲੀਅਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਭਾਜਪਾ ਨੇ ਉਨ੍ਹਾਂ ਨੂੰ ਪਹਿਲੀ ਸੂਚੀ ’ਚ ਹੀ ਲੁਧਿਆਣਾ ਤੋਂ ਉਮੀਦਵਾਰ ਵੀ ਐਲਾਨ ਦਿੱਤਾ।

ਪੱਪੀ ਨੇ 2019 ਵਿੱਚ ਬਿੱਟੂ ਲਈ ਕੀਤਾ ਸੀ ਪ੍ਰਚਾਰ

2019 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਰਵਨੀਤ ਸਿੰਘ ਬਿੱਟੂ ਲਈ ਚੋਣ ਪ੍ਰਚਾਰ ਕੀਤਾ ਸੀ। ਉਦੋਂ ਬਿੱਟੂ ਕਾਂਗਰਸ ਪਾਰਟੀ ਲਈ ਚੋਣ ਮੈਦਾਨ ਵਿੱਚ ਸਨ। ਰਵਨੀਤ ਸਿੰਘ ਬਿੱਟੂ ਲਈ ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦੱਖਣੀ ਤੇ ਹਲਕਾ ਕੇਂਦਰੀ ਵਿੱਚ ਕਾਫ਼ੀ ਚੋਣ ਪ੍ਰਚਾਰ ਕੀਤਾ ਸੀ। ਦੋਵਾਂ ਦੀਆਂ ਕਈ ਤਸਵੀਰਾਂ ਵੀ ਹੁਣ ਵਾਇਰਲ ਹੋ ਰਹੀਆਂ ਹਨ।

LEAVE A REPLY

Please enter your comment!
Please enter your name here