ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਫਰਵਰੀ

‘ਆਪ’ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਸ਼ਨਿਚਰਵਾਰ ਨੂੰ ਇਥੇ ਅਗਾਮੀ ਲੋਕ ਸਭਾ ਚੋਣਾਂ ਲਈ ਸੀਟ ਵੰਡ ਸਮਝੌਤੇ ਦਾ ਐਲਾਨ ਕੀਤਾ ਗਿਆ। ਇਸ ਸਮਝੌਤੇ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੰਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ.) ਵਿੱਚ ਸੀਟਾਂ ਦੀ ਵੰਡ ਦੇ ਰੌਲੇ ਨੂੰ ਵਿਰਾਮ ਲਗਾ ਦਿੱਤਾ ਹੈ। ਦੋਵਾਂ ਪਾਰਟੀਆਂ ਦੀ ਹੁਣ ਦਿੱਲੀ ਤੋਂ ਇਲਾਵਾ ਚੋਣ ਭਾਈਵਾਲੀ ਹਰਿਆਣਾ, ਚੰਡੀਗੜ੍ਹ, ਗੁਜਰਾਤ ਅਤੇ ਗੋਆ ਤੱਕ ਤੈਅ ਹੋ ਗਈ ਹੈ।

ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿੱਚ ਇੰਡੀਆ ਬਲਾਕ ਦੇ ਬੈਨਰ ਹੇਠ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਸ ਸਮਝੌਤੇ ਦਾ ਐਲਾਨ ਕਰਦਿਆਂ ਦੋਵਾਂ ਪਾਰਟੀਆਂ ਨੇ ਇਕੱਠੇ ਆਉਣ ਪਿੱਛੇ ਭਾਜਪਾ ਅਧੀਨ ਦੇਸ਼ ਵਿੱਚ ਮੌਜੂਦ ਖਤਰਨਾਕ ਮਾਹੌਲ ਦਾ ਟਾਕਰਾ ਕਰਨ ਅਤੇ ਉਸ ਨੂੰ ਹਰਾਉਣ ਲਈ ਜ਼ਰੂਰੀ ਕਰਾਰ ਦਿੱਤਾ। ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਾਂਗਰਸ ਦੇਸ਼ ਭਰ ਵਿੱਚ ਵੱਖ-ਵੱਖ ਭਾਈਵਾਲਾਂ ਨਾਲ ਗੱਠਜੋੜ ਬਾਰੇ ਚਰਚਾ ਕਰ ਰਹੀ ਹੈ। ਇਸ ਤੋਂ ਪਹਿਲਾਂ ਹੀ ਕਾਂਗਰਸ ਯੂਪੀ ਵਿੱਚ ਸਮਾਜਵਾਦੀ ਪਾਰਟੀ ਨਾਲ ਸੀਟ ਵੰਡ ਸਮਝੌਤੇ ਦਾ ਐਲਾਨ ਕਰ ਚੁੱਕੀ ਹੈ।ਦਿੱਲੀ ’ਚ ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ‘ਆਪ’ ਵਿਚਾਲੇ ਸੀਟ ਵੰਡ ਦੇ ਸਮਝੌਤੇ ਤਹਿਤ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿਚੋਂ ‘ਆਪ’ ਚਾਰ ਚੋਣ ਹਲਕਿਆਂ ਨਵੀਂ ਦਿੱਲੀ, ਦੱਖਣੀ ਦਿੱਲੀ, ਪੱਛਮੀ ਦਿੱਲੀ ਅਤੇ ਪੂਰਬੀ ਦਿੱਲੀ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ ਜਦੋਂ ਕਿ ਕਾਂਗਰਸ ਚਾਂਦਨੀ ਚੌਕ, ਉੱਤਰੀ ਪੱਛਮੀ ਦਿੱਲੀ ਅਤੇ ਉੱਤਰ ਪੂਰਬੀ ਦਿੱਲੀ ਤੋਂ ਚੋਣ ਲੜੇਗੀ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿਚੋਂ ਨੌਂ ਉਪਰ ਕਾਂਗਰਸ ਤੇ ਇਕ ਸੀਟ ਉਤੇ ‘ਆਪ’ ਕੁਰੂਕਸ਼ੇਤਰ ਤੋਂ ਆਪਣਾ ਉਮੀਦਵਾਰ ਖੜ੍ਹੇ ਕਰੇਗੀ। ਗੁਜਰਾਤ ਦੀਆਂ 26 ਸੀਟਾਂ ਵਿਚੋਂ, ਕਾਂਗਰਸ 24 ‘ਤੇ ਚੋਣ ਲੜੇਗੀ, ਜਿਸ ਵਿਚ ‘ਆਪ’ ਲਈ ਦੋ ਸੀਟਾਂ ਭਾਵਨਗਰ ਅਤੇ ਭਰੂਚ ਛੱਡੀਆਂ ਜਾਣਗੀਆਂ। ਵਾਸਨਿਕ ਨੇ ਕਿਹਾ ਕਿ ਕਾਂਗਰਸ ਸਮਝੌਤੇ ਦੇ ਤਹਿਤ ਚੰਡੀਗੜ੍ਹ ਸੀਟ ਤੋਂ ਇਲਾਵਾ ਗੋਆ ਦੇ ਦੋਵਾਂ ਹਲਕਿਆਂ ਤੋਂ ਵੀ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਨੇਤਾ ਅਤੇ ਸਮਰਥਕ ਭਾਜਪਾ ਦਾ ਮੁਕਾਬਲਾ ਕਰਨ ਲਈ ਆਪਣੀ ਪੂਰੀ ਤਾਕਤ ਲਗਾਉਣ ਲਈ ਤਿਆਰ ਹਨ। ਵਾਸਨਿਕ ਦੇ ਨਾਲ ਦਿੱਲੀ ਅਤੇ ਹਰਿਆਣਾ ਦੇ ਏਆਈਸੀਸੀ ਇੰਚਾਰਜ ਦੀਪਕ ਬਾਬਰੀਆ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੇ ਨਾਲ-ਨਾਲ ‘ਆਪ’ ਆਗੂ ਸੌਰਭ ਭਾਰਦਵਾਜ, ਆਤਿਸ਼ੀ ਅਤੇ ਇਸ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਵੀ ਮੌਜੂਦ ਸਨ।

LEAVE A REPLY

Please enter your comment!
Please enter your name here