ਗਗਨਦੀਪ ਅਰੋੜਾ

ਲੁਧਿਆਣਾ, 2 ਮਈ

ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦਾ ਐਲਾਨ ਹੋਣ ਤੋਂ ਪਹਿਲਾਂ ਧੜਿਆਂ ਵਿੱਚ ਵੰਡੀ ਕਾਂਗਰਸ ਪੂਰੀ ਤਰ੍ਹਾਂ ਇੱਕਜੁਟ ਨਜ਼ਰ ਆਈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਚੋਣ ਮੈਦਾਨ ’ਚ ਉਤਰਦੇ ਹੀ ਧੜਿਆਂ ’ਚ ਵੰਡੇ ਕਾਂਗਰਸੀ ਇੱਕਮੁੱਠ ਤਾਂ ਦਿਖਾਈ ਦਿੱਤੇ ਹੀ, ਨਾਲ ਦੀ ਨਾਲ ਆਗੂਆਂ ਨੇ ਆਪੋ-ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਰੋਡ ਸ਼ੋਅ ਦੌਰਾਨ ਇਕੱਠੇ ਹੋਣ ਦੀ ਥਾਂ ਸ਼ਹਿਰ ਦੇ ਕਾਂਗਰਸੀਆਂ ਅਤੇ ਸਥਾਨਕ ਆਗੂਆਂ ਨੇ ਆਪੋ-ਆਪਣੇ ਇਲਾਕੇ ’ਚ ਵੜਿੰਗ ਦਾ ਸਵਾਗਤ ਕੀਤਾ ਤੇ ਆਪਣੀ ਪੂਰੀ ਤਾਕਤ ਦਿਖਾਈ। ਉਨ੍ਹਾਂ ਵੜਿੰਗ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਸਾਰੇ ਇੱਕਜੁਟ ਹਨ ਅਤੇ ਲੋਕ ਸਭਾ ਚੋਣਾਂ ’ਚ ਪੂਰੀ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦੇਣਗੇ। ਰਾਜਾ ਵੜਿੰਗ ਦੇ ਸ਼ਹਿਰ ’ਚ ਦਾਖ਼ਲ ਹੁੰਦੇ ਹੀ ਸਾਬਕਾ ਮੰਤਰੀ ਆਸ਼ੂ ਦੇ ਗਾਇਬ ਰਹਿਣ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ, ਪਰ ਭਾਰਤ ਨਗਰ ਚੌਕ ’ਚ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਵੜਿੰਗ ਦਾ ਜੋਸ਼ੀਲੇ ਢੰਗ ਨਾਲ ਸਵਾਗਤ ਕੀਤਾ ਗਿਆ। ਉਮੀਦਵਾਰ ਐਲਾਨਣ ਮਗਰੋਂ ਪਹਿਲੀ ਵਾਰ ਰਾਜਾ ਵੜਿੰਗ ਲੁਧਿਆਣਾ ਪੁੱਜੇ ਸਨ, ਜਿੱਥੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਮਰਾਲਾ ਚੌਕ ਵਿੱਚ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੁਝ ਹੀ ਦੂਰੀ ’ਤੇ ਹਲਕਾ ਕੇਂਦਰੀ ਸ਼ੁਰੂ ਹੁੰਦੇ ਹੀ ਉਥੋਂ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਮਗਰੋਂ ਫੀਲਡਗੰਜ ’ਚ ਸਾਬਕਾ ਮੰਤਰੀ ਰਾਕੇਸ਼ ਪਾਂਡੇ ਨੇ ਉਨ੍ਹਾਂ ਸਵਾਗਤ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਸਨ। ਮਗਰੋਂ ਮੁੱਲਾਂਪੁਰ ਦਾਖਾ ਹਲਕੇ ’ਚ ਕੈਪਟਨ ਸੰਦੀਪ ਸੰਧੂ ਅਤੇ ਜਗਰਾਉਂ ਵਿੱਚ ਸਮਰਥਕਾਂ ਨੇ ਰਾਜਾ ਵੜਿੰਗ ਦਾ ਸਵਾਗਤ ਕੀਤਾ। ਰਾਜਾ ਵੜਿੰਗ ਨੇ ਸਮਰਾਲਾ ਚੌਕ ’ਚ ਹੀ ਭਾਜਪਾ ਉਮੀਦਵਾਰ ਰਵਨੀਤ ਬਿੱਟੂ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਜੇ ਲੋਕ ਉਨ੍ਹਾਂ ਨੂੰ ਰਾਤ ਨੂੰ ਤਿੰਨ ਵਜੇ ਵੀ ਫੋਨ ਕਰਨਗੇ ਤਾਂ ਉਹ ਫੋਨ ਚੁੱਕਣਗੇ ਤੇ ਉਨ੍ਹਾਂ ਦੀ ਸਮੱਸਿਆ ਹੱਲ ਕਰਨਗੇ, ਨਾ ਕਿ ਬਿੱਟੂ ਵਾਂਗ ਫੋਨ ਹੀ ਨਹੀਂ ਚੁੱਕਣਗੇ। ਲੋਕ ਪਿਛਲੇ 10 ਸਾਲਾਂ ਤੋਂ ਬਿੱਟੂ ਨਾਲ ਗੱਲ ਕਰਨ ਨੂੰ ਤਰਸ ਗਏ ਸਨ ਕਿਉਂਕਿ ਬਿੱਟੂ ਕਿਸੇ ਦਾ ਫੋਨ ਨਹੀਂ ਚੁੱਕਦਾ। ਉਨ੍ਹਾਂ ਕਿਹਾ ਕਿ ਇਹ ਲੜਾਈ ਵਫ਼ਾਦਾਰ ਤੇ ਗੱਦਾਰ ਵਿਚਕਾਰ ਹੈ।

ਦੰਗਾ ਪੀੜਤਾਂ ਵੱਲੋਂ ਰਾਜਾ ਵੜਿੰਗ ਦਾ ਵਿਰੋਧ

ਵਿਰੋਧ ਪ੍ਰਦਰਸ਼ਨ ਕਰ ਰਹੀ ਦੰਗਾ ਪੀੜਤ ਔਰਤ ਨੂੰ ਅੱਗੇ ਵਧਣ ਤੋਂ ਰੋਕਦਾ ਹੋਇਆ ਪੁਲੀਸ ਮੁਲਾਜ਼ਮ।

ਲੁਧਿਆਣਾ (ਟਨਸ): ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਫਿਰੋਜ਼ਪੁਰ ਰੋਡ ’ਤੇ ਦੰਗਾ ਪੀੜਤਾਂ ਨੇ ਵਿਰੋਧ ਕੀਤਾ। ਰੋਡ ਸ਼ੋਅ ਕੱਢਣ ਵੇਲੇ ਦੰਗਾ ਪੀੜਤਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਂਗਰਸੀ ਅਤੇ ਦੰਗਾ ਪੀੜਤ ਆਹਮੋ-ਸਾਹਮਣੇ ਵੀ ਹੋ ਗਏ ਤੇ ਕੁਝ ਦੇਰ ਲਈ ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ। ਪੁਲੀਸ ਮੁਲਾਜ਼ਮਾਂ ਨੇ ਦੰਗਾ ਪੀੜਤਾਂ ਨੂੰ ਪਿੱਛੇ ਕੀਤਾ ਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੰਗਾ ਪੀੜਤ ਕਾਂਗਰਸ ਉਮੀਦਵਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਪੁਲੀਸ ਨੇ ਦੰਗਾ ਪੀੜਤਾਂ ਨੂੰ ਪਿੱਛੇ ਕਰ ਕਾਂਗਰਸ ਦੇ ਰੋਡ ਸ਼ੋਅ ਨੂੰ ਅੱਗੇ ਤੋਰਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ 1984 ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ (ਦੰਗਾ ਪੀੜਤ ਵੇਲਫੇਅਰ ਸੁਸਾਇਟੀ) ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਂਗਰਸ ਕਾਰਨ ਦੇਸ਼ ’ਚ 1984 ਦੇ ਦੰਗੇ ਹੋਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਰਾਜਾ ਵੜਿੰਗ ਦੀ ਪਤਨੀ ਜਿਸ ਹੱਥ ਨੂੰ ਗੁਰੂ ਨਾਨਕ ਦੇਵ ਦਾ ਪੰਜਾ ਦੱਸ ਰਹੀ ਹੈ, ਉਹ ਗੁਰੂ ਜੀ ਦਾ ਨਹੀਂ ਬਲਕਿ ਖੂਨੀ ਪੰਜਾ ਹੈ।

LEAVE A REPLY

Please enter your comment!
Please enter your name here