ਗੁਰਦੀਪ ਸਿੰਘ ਲਾਲੀ

ਸੰਗਰੂਰ, 1 ਮਾਰਚ

ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਜਾਰੀ ਕੀਤੇ ਨੋਟਿਸ ਮਗਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਅੱਜ ਦੂਜੀ ਵਾਰ ਵਿਜੀਲੈਂਸ ਦੇ ਸਥਾਨਕ ਦਫ਼ਤਰ ਵਿੱਚ ਪਹੁੰਚੇ ਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ। ਦਲਵੀਰ ਸਿੰਘ ਗੋਲਡੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਦੂਰ ਕਰਨ ਦੇ ਉਦੇਸ਼ ਹਿਤ ਇਨ੍ਹਾਂ ਵਿਜੀਲੈਂਸ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ। ਦਲਬੀਰ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਫੋਨ ’ਤੇ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਐੱਸਐੱਸਪੀ ਸੰਗਰੂਰ ਨੂੰ ਦਿੱਤੀ ਗਈ ਸੀ, ਪਰ ਪੁਲੀਸ ਨੇ ਇਹ ਤਰਕ ਪੇਸ਼ ਕਰਦਿਆਂ ਕਿ ਫੋਨ ਪਾਕਿਸਤਾਨ ਤੋਂ ਆ ਰਹੇ ਹਨ, ਟਰੇਸ ਨਹੀਂ ਕੀਤੇ ਜਾ ਸਕਦੇ, ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦੀ ਹਾਈ ਕਮਾਂਡ ਲੋਕ ਸਭਾ ਚੋਣ ਲੜਨ ਦਾ ਹੁਕਮ ਕਰੇਗੀ ਤਾਂ ਉਹ ਚੋਣ ਜ਼ਰੂਰ ਲੜਨਗੇ।

LEAVE A REPLY

Please enter your comment!
Please enter your name here