ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 28 ਮਾਰਚ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ’ਚ ਕੀਤੀ ਛਾਪੇਮਾਰੀ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਦੇ ਵਸੀਲਿਆਂ ਦੀ ਖੁੱਲ੍ਹੇਆਮ ਲੁੱਟ ਹੋਈ ਹੈ ਜਿਸ ਦਾ ਸਬੂਤ ਅਮਰੂਦ ਬਾਗ਼ ਘੁਟਾਲ਼ਾ ਅਤੇ ਆਬਕਾਰੀ ਘੁਟਾਲ਼ਾ ਹੈ। ਉਨ੍ਹਾਂ ਕਿਹਾ ਕਿ ਈਡੀ ਸੱਚ ਨੂੰ ਸਾਹਮਣੇ ਲਿਆ ਰਹੀ ਹੈ ਅਤੇ ਸੂਬੇ ਦੀ ਲੁੱਟ ’ਚ ਸ਼ਾਮਲ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਖੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ‘ਆਪ’ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਜਾਂਚ ਕਰਾਈ ਜਾਵੇ ਅਤੇ ਇਸੇ ਤਰ੍ਹਾਂ ‘ਆਪ’ ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਇਹ ਪਤਾ ਲਗਾਏ ਕਿ ਪ੍ਰਸਤਾਵ ਕਿਸ ਨੇ ਦਿੱਤਾ ਅਤੇ ਕਿਸ ਨੂੰ ਪੈਸੇ ਮਿਲੇ। ਜਾਖੜ ਦੀ ਮੌਜੂਦਗੀ ਵਿੱਚ ਭੋਆ ਵਿਧਾਨ ਸਭਾ ਤੋਂ 2022 ’ਚ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਰਾਕੇਸ਼ ਕੁਮਾਰ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ।

 

ਟਿਕਟਾਂ ਬਾਰੇ ਦਿੱਲੀ ’ਚ ਮੀਟਿੰਗ

ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ’ਤੇ ਅੱਜ ਦਿੱਲੀ ਵਿਚ ਵਿਚਾਰ ਚਰਚਾ ਹੋਈ। ਪਾਰਟੀ ਪ੍ਰਧਾਨ ਜੇ.ਪੀ ਨੱਢਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਇੰਚਾਰਜ ਵਿਜੇ ਰੂਪਾਨੀ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਏ। ਮੀਟਿੰਗ ਵਿਚ ਹਰ ਹਲਕੇ ਤੋਂ ਸੰਭਾਵੀ ਤਿੰਨ ਉਮੀਦਵਾਰਾਂ ਦੇ ਪੈਨਲ ’ਤੇ ਚਰਚਾ ਕੀਤੀ ਗਈ। ਟਿਕਟਾਂ ਬਾਰੇ ਆਖ਼ਰੀ ਫ਼ੈਸਲਾ ਪਾਰਲੀਮਾਨੀ ਬੋਰਡ ਨੇ ਲੈਣਾ ਹੈ।

LEAVE A REPLY

Please enter your comment!
Please enter your name here