* ਕਾਂਗਰਸ ਆਗੂ ਰਾਹੁਲ ਗਾਂਧੀ ਤੇ ਕਈ ਕੇਂਦਰੀ ਮੰਤਰੀਆਂ ਦੀ ਸਿਆਸੀ ਕਿਸਮਤ ਦਾ ਹੋਵੇਗਾ ਫ਼ੈਸਲਾ

ਨਵੀਂ ਦਿੱਲੀ, 24 ਅਪਰੈਲ

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਅੱਜ ਸ਼ਾਮੀਂ ਪੰਜ ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਇਸ ਗੇੜ ਵਿਚ 13 ਰਾਜਾਂ ਦੀਆਂ 89 ਸੀਟਾਂ ਲਈ 26 ਅਪਰੈਲ ਨੂੰ ਵੋਟਾਂ ਪੈਣਗੀਆਂ। ਪਹਿਲੇ ਗੇੜ ਲਈ ਲੰਘੇ ਸ਼ੁੱਕਰਵਾਰ ਨੂੰ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ 65.5 ਫੀਸਦ ਪੋਲਿੰਗ ਹੋਈ ਸੀ। ਦੂਜੇ ਗੇੜ ਵਿਚ ਕੇਰਲਾ ਦੀਆਂ ਸਾਰੀਆਂ 20 ਸੀਟਾਂ; ਕਰਨਾਟਕ ਦੀਆਂ ਕੁੱਲ 28 ਸੀਟਾਂ ’ਚੋਂ 14, ਰਾਜਸਥਾਨ ਦੀਆਂ 13, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ 8-8, ਮੱਧ ਪ੍ਰਦੇਸ਼ 7, ਅਸਾਮ ਤੇ ਬਿਹਾਰ 5-5, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ 3-3 ਅਤੇ ਮਨੀਪੁਰ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ ਇਕ-ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। ਦੂਜੇ ਗੇੜ ਲਈ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾਪੁਰ ਤੇ ਮਹਾਰਾਸ਼ਟਰ ਦੇ ਸਾਗਰ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਦੇ ਆਪਣੇ ਪਿੱਤਰੀ ਰਾਜ ਕਲਬੁਰਗੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਤੇ ਭਾਜਪਾ ਨੂੰ ਘੇਰਿਆ। ਸ੍ਰੀ ਮੋਦੀ ਨੇ ਐਤਵਾਰ ਨੂੰ ਰਾਜਸਥਾਨ ਦੇ ਬਾਂਸਵਾੜਾ ਤੇ ਮਗਰੋਂ ਪੱਛਮੀ ਯੁੂਪੀ ਦੇ ਅਲੀਗੜ੍ਹ ਵਿਚ ਇਕ ਫਿਰਕੇ ਖਿਲਾਫ਼ ਕਥਿਤ ਟਿੱਪਣੀਆਂ ਕਰਕੇ ਦੂਜੇ ਗੇੜ ਦੇ ਚੋਣ ਪ੍ਰਚਾਰ ਨੂੰ ਭਖਾ ਦਿੱਤਾ ਹੈ।

ਸੱਤ ਪੜਾਵੀ ਚੋਣ ਪ੍ਰੋਗਰਾਮ ਦੇ ਦੂਜੇ ਗੇੜ ਵਿਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ, ਉਨ੍ਹਾਂ ਵਿਚ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (ਤਿਰੂਵਨੰਤਪੁਰਮ), ਭਾਜਪਾ ਦੇ ਤੇਜਸਵੀ ਸੂਰਿਆ(ਕਰਨਾਟਕ), ਹੇਮਾ ਮਾਲਿਨੀ ਤੇ ਅਰੁਣ ਗੋਵਿਲ (ਦੋਵੇਂ ਯੂਪੀ), ਕਾਂਗਰਸ ਆਗੂ ਰਾਹੁਲ ਗਾਂਧੀ (ਵਾਇਨਾਡ) ਤੇ ਸ਼ਸ਼ੀ ਥਰੂਰ (ਤਿਰੂਵਨੰਤਪੁਰਮ), ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਡੀ.ਕੇ.ਸ਼ਿਵਕੁਮਾਰ ਦੇ ਭਰਾ ਡੀ.ਕੇ.ਸੁਰੇਸ਼ (ਕਾਂਗਰਸ) ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ.ਡੀ.ਕੁਮਾਰਾਸਵਾਮੀ (ਜੇਡੀਐੱਸ) ਸ਼ਾਮਲ ਹਨ। ਸਾਲ 2019 ਵਿਚ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੇ ਇਨ੍ਹਾਂ 89 ਸੀਟਾਂ ਵਿਚੋਂ 56 ਜਿੱਤੀਆਂ ਸਨ ਜਦੋਂਕਿ ਯੂਪੀਏ 24 ਸੀਟਾਂ ਜਿੱਤਣ ਵਿਚ ਸਫ਼ਲ ਰਿਹਾ ਸੀ। ਅਥਾਰਿਟੀਜ਼ ਨੇ ਇਨ੍ਹਾਂ ਹਲਕਿਆਂ ਵਿਚ ਮੌਜੂਦ ਬਾਹਰੀ ਵਿਅਕਤੀਆਂ ਨੂੰ ਪੋਲਿੰਗ ਤੋਂ ਪਹਿਲਾਂ 48 ਘੰਟਿਆਂ ਅੰਦਰ ਹਲਕੇ ਛੱਡਣ ਲਈ ਆਖ ਦਿੱਤਾ ਹੈ। ਚੋਣ ਪ੍ਰਚਾਰ ਬੰਦ ਹੋਣ ਮਗਰੋਂ ਜਨਤਕ ਮੀਟਿੰਗਾਂ, ਸਿਆਸੀ ਪਾਰਟੀਆਂ ਵੱਲੋੋਂ ਪ੍ਰੈੱਸ ਕਾਨਫਰੰਸਾਂ, ਇਲੈਕਟ੍ਰਾਨਿਕ ਜਾਂ ਪ੍ਰਿੰਟ ਮੀਡੀਆ ਵਿਚ ਇੰਟਰਵਿਊਜ਼ ਤੇ ਪੈਨਲ ਵਿਚਾਰ ਚਰਚਾ ’ਤੇ ਮੁਕੰਮਲ ਪਾਬੰਦੀ ਰਹੇਗੀ। ਤੀਜੇ ਗੇੜ ਲਈ 12 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 94 ਸੀਟਾਂ ਲਈ 7 ਮਈ ਨੂੰ ਵੋਟਾਂ ਪੈਣਗੀਆਂ। ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਲਈ ਕ੍ਰਮਵਾਰ 13 ਮਈ, 20 ਮਈ, 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ 4 ਜੂਨ ਨੂੰ ਹੋਵੇਗਾ। -ਪੀਟੀਆਈ

LEAVE A REPLY

Please enter your comment!
Please enter your name here