ਹਤਿੰਦਰ ਮਹਿਤਾ

ਜਲੰਧਰ, 19 ਮਾਰਚ

ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਜਾਅਲੀ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਬਤ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਇੱਕ ਗਰੋਹ ਜਾਅਲੀ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਦਾ ਧੰਦਾ ਕਰਦਾ ਹੈ ਅਤੇ ਇਨ੍ਹਾਂ ਦਸਤਵੇਜ਼ਾਂ ਨੂੰ ਆਰਟੀਏ ਅਤੇ ਟਰਾਂਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਦੀ ਮਦਦ ਨਾਲ ਬਣਾਇਆ ਜਾ ਰਿਹਾ ਹੈ।

ਸਵਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਜਾਂਚ ਮਗਰੋਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਇੱਕ ਲੈਪਟਾਪ, ਦੋ ਪ੍ਰਿੰਟਰ, ਸਟੈਂਪ ਪੇਪਰ, ਬੀਮਾ ਸਰਟੀਫਿਕੇਟ ਅਤੇ ਅਰਜ਼ੀ ਫਾਰਮ ਸਮੇਤ ਦਸਤਾਵੇਜ਼ ਬਰਾਮਦ ਕੀਤੇ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਦੇ ਨਾਲ 159 ਵਾਹਨਾਂ ਦੇ ਬੀਮਾ ਸਰਟੀਫਿਕੇਟ (ਕਿਊਆਰ ਕੋਡ ਤੋਂ ਬਿਨਾਂ), 222 ਵਾਹਨਾਂ ਦੇ ਸਰਟੀਫਿਕੇਟ , 57 ਆਰਸੀਜ਼ ਦੀਆਂ ਟਰਾਂਸਫਰ ਫਾਈਲਾਂ, 35 ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਦਸਤਾਵੇਜ਼ਾਂ ਸਮੇਤ 180 ਅਰਜ਼ੀ ਫਾਰਮ ਵੀ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀ ਦੀ ਪਛਾਣ ਅਰਵਿੰਦ ਕੁਮਾਰ ਉਰਫ ਬਿੰਦੂ ਵਾਸੀ ਉਪਕਾਰ ਨਗਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ 8 ਜਲੰਧਰ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here