ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਮਾਰਚ
ਸ਼ਹਿਰ ਦੇ ਡਾਕਖਾਨੇ ਨੇੜੇ ਸਥਿਤ ਦੁਕਾਨ ਦੇ ਉਪਰਲੇ ਕਮਰੇ ਵਿੱਚੋਂ ਬੀਤੀ ਸ਼ਾਮ ਬਜ਼ੁਰਗ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕਾ ਦੀ ਧੀ ਨੂੰ ਗ੍ਰਿਫ਼ਤਾਰ ਕਰ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਪੈਸੇ ਦੇਣ ਤੋਂ ਨਾਂਹ ਕਰਨ ’ਤੇ ਧੀ ਨੇ ਹੀ ਮਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।ਮ੍ਰਿਤਕ ਮੂਰਤੀ ਦੇਵੀ ਦੀ ਨੂੰਹ ਰਜਨੀ ਰਾਣੀ ਪਤਨੀ ਮੰਗਲ ਗੋਇਲ ਉਰਫ਼ ਕਾਲਾ ਹਾਲ ਆਬਾਦ ਬਰਨਾਲਾ ਨੇ ਭਵਾਨੀਗੜ੍ਹ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ ਸ਼ਾਮ ਵਿਕਾਸ ਖੋਸਲਾ ਵਾਸੀ ਭਵਾਨੀਗੜ੍ਹ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਸੱਸ ਮੂਰਤੀ ਦੇਵੀ ਦੀ ਮੌਤ ਹੋ ਚੁੱਕੀ ਹੈ, ਜਿਸ ਦਾ ਕਤਲ ਉਸ ਦੀ ਨਨਾਣ ਨੀਤੂ ਰਾਣੀ ਨੇ ਕੀਤਾ ਹੈ। ਰਜਨੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਜੀਜਾ ਅਮਰਨਾਥ ਤੇ ਹੋਰ ਰਿਸ਼ਤੇਦਾਰਾਂ ਸਮੇਤ ਮੌਕੇ ’ਤੇ ਪਹੁੰਚੀ ਤਾਂ ਉਸ ਦੀ ਸੱਸ ਮੂਰਤੀ ਦੇਵੀ ਦੀ ਲਾਸ਼ ਦੁਕਾਨ ਦੇ ਉਪਰਲੇ ਕਮਰੇ ’ਚ ਪਈ ਸੀ। ਉਸਦੇ ਸਰੀਰ ਅਤੇ ਅੱਖਾਂ, ਮੱਥੇ, ਸਿਰ ਦੇ ਪਿਛਲੇ ਪਾਸੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਰਜਨੀ ਰਾਣੀ ਨੇ ਦੋਸ਼ ਲਗਾਇਆ ਕਿ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਉਸ ਦੀ ਨਨਾਣ ਨੀਤੂ ਰਾਣੀ ਨੇ ਉਸ ਦੀ ਸੱਸ ਮੂਰਤੀ ਦੇਵੀ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਘਟਨਾ ਦੀ ਜਾਂਚ ਕਰ ਰਹੀ ਪੁਲੀਸ ਨੇ ਰਜਨੀ ਦੇ ਬਿਆਨਾਂ ’ਤੇ ਨੀਤੂ ਰਾਣੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

The put up ਧੀ ਹੀ ਨਿਕਲੀ ਮਾਂ ਦੀ ਕਾਤਲ appeared first on Punjabi Tribune.

LEAVE A REPLY

Please enter your comment!
Please enter your name here