ਸ਼ਗਨ ਕਟਾਰੀਆ

ਬਠਿੰਡਾ, 17 ਅਪਰੈਲ

ਸੰਸਦੀ ਹਲਕੇ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਅੱਜ ਮੌੜ ਮੰਡੀ ਪੁੱਜਣ ’ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਰਮਪਾਲ ਕੌਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ। ਪਰਮਪਾਲ ਸਿੱਧੂ ਮੌੜ ਸਥਿਤ ਰੇਲਵੇ ਸਟੇਸ਼ਨ ਨੇੜਲੀ ਧਰਮਸ਼ਾਲਾ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਗਏ ਸਨ। ਉਨ੍ਹਾਂ ਦੀ ਆਮਦ ਦੀ ਕਿਸਾਨਾਂ ਨੂੰ ਪਹਿਲਾਂ ਬਿੜ੍ਹਕ ਲੱਗਣ ’ਤੇ ਉਹ ਇਕੱਠੇ ਹੋ ਗਏ। ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ‘ਪਰਮਪਾਲ ਕੌਰ ਮਲੂਕਾ-ਵਾਪਸ ਜਾਓ’ ਦੇ ਨਾਅਰੇ ਲਾਏ। ਉਧਰ ਭਾਜਪਾ ਉਮੀਦਵਾਰ ਨੇ ਨਿਸ਼ਚਿਤ ਥਾਂ ’ਤੇ ਕੁਝ ਸਮਾਂ ਰੁਕ ਕੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਗੀ ਪਾ ਗਈ। ਇਥੇ ਮੌਜੂਦ ਭਾਕਿਯੂ (ਉਗਰਾਹਾਂ) ਦੇ ਆਗੂ ਹਰਜਿੰਦਰ ਸਿੰਘ ਬੱਗੀ ਅਤੇ ਭਾਕਿਯੂ ਡਕੌਂਦਾ (ਧਨੇਰ) ਦੇ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਜਦੋਂ ਕਿਸਾਨ ਵਿਰੋਧ ਦਰਜ ਕਰਵਾ ਰਹੇ ਸਨ ਤਾਂ ਪੁਲੀਸ ਵੱਲੋਂ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ। ਹਾਲਾਂ ਕਿ ਪੁਲੀਸ ਅਧਿਕਾਰੀਆਂ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦਾ ਵਿਰੋਧ ਸਿਰਫ ਕੇਂਦਰੀ ਹਕੂਮਤ ਨਾਲ ਹੈ ਜੇ ਪੰਜਾਬ ਪੁਲੀਸ ਕਿਸਾਨਾਂ ਨਾਲ ਉਲਝੇਗੀ ਤਾਂ ਕਿਸਾਨ ‘ਆਪ’ ਦੇ ਆਗੂਆਂ ਦਾ ਲੋਕਾਂ ’ਚ ਆਉਣ ’ਤੇ ਵਿਰੋਧ ਕਰਨ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here