ਕੇ.ਪੀ ਸਿੰਘ

ਗੁਰਦਾਸਪੁਰ, 25 ਅਪਰੈਲ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਕਲਸੀ ਉਰਫ਼ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੋਣਾਂ ਜਿੱਤ ਹਾਰ ਦੀਆਂ ਨਹੀਂ ਬਲਕਿ ਅਣਖ, ਆਬਰੂ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਹਨ। ਜੇ ਹੁਣ ਕਿਸੇ ਧਰਮ ਜਾਤੀ ਜਾਂ ਕਿਸੇ ਪਾਰਟੀ ਦੇ ਕੂੜ ਪ੍ਰਚਾਰ ਪਿੱਛੇ ਲੱਗ ਗਏ ਤਾਂ ਇਸ ਤੋਂ ਬਾਅਦ ਦੇਸ਼ ਵਿੱਚ ਕਦੀ ਵੋਟਾਂ ਨਹੀਂ ਪੈਣਗੀਆਂ ਅਤੇ ਤਾਨਾਸ਼ਾਹੀ ਚੱਲੇਗੀ। ਇਹ ਰੈਲੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਕਰਵਾਈ ਗਈ। ਭਗਵੰਤ ਮਾਨ ਨੇ ਕਿਹਾ ਕਿ 13 ਬਾਂਹਾਂ ਅਤੇ 13 ਜ਼ੁਬਾਨਾਂ ਮੈਨੂੰ ਦੇ ਦਿਓ, ਸੂਬੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਢਾਈ ਕਿੱਲੋ ਦੇ ਹੱਥ ਵਾਲੇ ਪਿਛਲੇ ਸੰਸਦ ਮੈਂਬਰ ਸਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਇਆ। ਰੈਲੀ ਦੌਰਾਨ ਰਮਨ ਬਹਿਲ ਨੇ ਗੁਰਦਾਸਪੁਰ ਲਈ ਮੈਡੀਕਲ ਕਾਲਜ ਅਤੇ ਨਬੀਪੁਰ ਕੱਟ ਡਰੇਨ ਦੇ ਨਿਰਮਾਣ ਦੀ ਮੰਗ ਵੀ ਚੁੱਕੀ। ਇਸ ਮੌਕੇ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ, ਜਗਰੂਪ ਸਿੰਘ ਸੇਖਵਾਂ, ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਰਾਜੀਵ ਸ਼ਰਮਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here