ਆਤਿਸ਼ ਗੁਪਤਾ

ਚੰਡੀਗੜ੍ਹ, 26 ਫਰਵਰੀ

ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ 5ਵੇਂ ਦਿਨ ਅੱਜ ਸਾਬਕਾ ਵਿਧਾਇਕ ਅਤੇ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੀ ਹੱਤਿਆ ਦੇ ਮਾਮਲੇ ’ਤੇ ਕਾਫੀ ਹੰਗਾਮਾ ਹੋਇਆ। ਸੈਸ਼ਨ ਦੌਰਾਨ ਜਿੱਥੇ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ’ਤੇ ਘੇਰਿਆ ਉੱਥੇ ਹੀ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਹ ਇਸ ਘਟਨਾ ਦੀ ਸੀਬੀਆਈ ਜਾਂਚ ਕਰਾਉਣਗੇ। ਅੱਜ ਸੈਸ਼ਨ ਦੀ ਸ਼ੁਰੂਆਤ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਸਮੁੱਚੇ ਵਿਧਾਇਕਾਂ ਨੇ ਸਾਬਕਾ ਵਿਧਾਇਕ ਤੇ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਰੋਧੀ ਧਿਰ ਦੇ ਵਾਰ-ਵਾਰ ਮੰਗ ਕਰਨ ’ਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਰਾਠੀ ਦੀ ਹੱਤਿਆ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਰਾਜ ਵਿੱਚ ਅਪਰਾਧਕ ਮਾਮਲਿਆਂ ਦੀ ਗਿਣਤੀ ਬਹੁਤ ਵੱਧ ਗਈ ਸੀ। ਭਾਜਪਾ ਨੇ ਸੂਬੇ ਵਿੱਚੋਂ ਅਪਰਾਧ ਨੂੰ ਖਤਮ ਕਰਨ ਲਈ ਕੰਮ ਕੀਤਾ ਹੈ। ਵਿਰੋਧੀ ਧਿਰ ਕਾਂਗਰਸ ਵੱਲੋਂ ਰਾਠੀ ਦੀ ਹੱਤਿਆ ਨੂੰ ਲੈ ਕੇ ਵਿਧਾਨ ਸਭਾ ਵਿੱਚ ਕੰਮ ਰੋਕੂ ਮਤਾ ਲਿਆਂਦਾ ਗਿਆ ਅਤੇ ਪਹਿਲਾਂ ਸੂਬੇ ਵਿੱਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਚਰਚਾ ਕਰਨ ਦੀ ਮੰਗ ਕੀਤੀ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਮਤੇ ਨੂੰ ਪ੍ਰਵਾਨਗੀ ਦਿੱਤੀ ਜਿਸ ’ਤੇ ਦੋ ਘੰਟੇ ਬਹਿਸ ਹੋਈ।

ਸਾਬਕਾ ਵਿਧਾਇਕ ਸਮੇਤ 12 ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ: ਇਨੈਲੋ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਫੇ ਸਿੰਘ ਰਾਠੀ ਤੇ ਇੱਕ ਪਾਰਟੀ ਵਰਕਰ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਨੇ ਅੱਜ ਹਰਿਆਣਾ ਦੇ ਇੱਕ ਸਾਬਕਾ ਵਿਧਾਇਕ ਤੇ 11 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ, ਕਰਮਬੀਰ ਰਾਠੀ, ਰਮੇਸ਼ ਰਾਠੀ, ਸਤੀਸ਼ ਰਾਠੀ, ਗੌਰਵ ਰਾਠੀ, ਰਾਹੁਲ ਤੇ ਕਮਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਪੰਜ ਅਣਪਛਾਤੇ ਵਿਅਕਤੀਆਂ ਦਾ ਵੀ ਐੱਫਆਈਆਰ ’ਚ ਜ਼ਿਕਰ ਕੀਤਾ ਗਿਆ ਹੈ। -ਪੀਟੀਆਈ

LEAVE A REPLY

Please enter your comment!
Please enter your name here