ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 26 ਅਪਰੈਲ

ਪੰਜਾਬ ਵਿਚ ਕਣਕ ਦੀ ਤੇਜ਼ ਰਫ਼ਤਾਰ ਵਾਢੀ ਮਗਰੋਂ ਮੰਡੀਆਂ ’ਚ ਜਿਣਸ ਦੀ ਆਮਦ ਵਧ ਗਈ ਅਤੇ ਰੋਜ਼ਾਨਾ ਖ਼ਰੀਦੀ ਜਾ ਰਹੀ ਕਣਕ ਦੀ ਚੁਕਾਈ ਦੀ ਸਮੱਸਿਆ ਪੈਦਾ ਹੋ ਗਈ ਹੈ। ਲਿਫ਼ਟਿੰਗ ਹੋਈ ਕਣਕ ਨਾਲੋਂ ਦੋ ਗੁਣਾ ਵੱਧ ਜਿਣਸ ਹਾਲੇ ਮੰਡੀਆਂ ਵਿੱਚ ਪਈ ਹੈ। ਦੋ ਦਿਨਾਂ ਤੋਂ ਕਣਕ ਦੀ ਆਮਦ ਨੇ ਖ਼ਰੀਦ ਪ੍ਰਬੰਧ ਹਿਲਾ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੱਖ ਸਕੱਤਰ ਨੂੰ ਫ਼ੌਰੀ ਮੰਡੀਆਂ ’ਚੋਂ ਖਰੀਦੀ ਕਣਕ ਦੀ ਚੁਕਾਈ ਤੇਜ਼ ਕਰਨ ਲਈ ਆਖਿਆ ਹੈ।

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਲੁਧਿਆਣਾ ਜ਼ਿਲ੍ਹੇ ਵਿਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਵੇਰਵਿਆਂ ਅਨੁਸਾਰ ਵੀਰਵਾਰ ਨੂੰ ਮੰਡੀਆਂ ਵਿੱਚ 12 ਲੱਖ ਮੀਟਰਕ ਟਨ ਕਣਕ ਪੁੱਜੀ ਸੀ ਜਦਕਿ ਅੱਜ 11 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਹੁਣ ਤੱਕ ਸਮੁੱਚੇ ਖ਼ਰੀਦ ਕੇਂਦਰਾਂ ’ਚ ਪੁੱਜੀ 76.88 ਲੱਖ ਮੀਟਰਕ ਟਨ ਕਣਕ ਵਿੱਚੋਂ 72.62 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ। ਹਾਲਾਂਕਿ ਖਰੀਦੀ ਗਈ ਕਣਕ ’ਚੋਂ ਸਿਰਫ਼ 23.09 ਲੱਖ ਮੀਟਰਕ ਟਨ ਕਣਕ ਦੀ ਹੀ ਚੁਕਾਈ ਹੋਈ ਹੈ ਤੇ 49.53 ਲੱਖ ਮੀਟਰਕ ਟਨ ਕਣਕ ਹਾਲੇ ਚੁਕਾਈ ਦੀ ਉਡੀਕ ਵਿਚ ਹੈ। ਬਹੁਤੇ ਖ਼ਰੀਦ ਕੇਂਦਰਾਂ ’ਚ ਹੋਰ ਜਿਣਸ ਉਤਾਰਨ ਲਈ ਜਗ੍ਹਾ ਨਹੀਂ ਬਚੀ ਹੈ। ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਟਰਾਂਸਪੋਰਟਰ ਮੰਡੀਆਂ ’ਚੋਂ ਅਨਾਜ ਦੀ ਚੁਕਾਈ ਵਾਸਤੇ ਟਰੱਕਾਂ ਦਾ ਪ੍ਰਬੰਧ ਨਹੀਂ ਕਰ ਸਕੇ ਹਨ। ਕਈ ਮੰਡੀਆਂ ਵਿੱਚ ਲੇਬਰ ਦੀ ਸਮੱਸਿਆ ਹੈ ਤੇ ਮਜ਼ਦੂਰ ਕਣਕ ਭਰਨ ਤੋਂ ਇਨਕਾਰ ਕਰ ਰਹੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਦੇ ਖ਼ਰੀਦ ਕੇਂਦਰ ’ਚ ਜ਼ਿਆਦਾ ਫ਼ਸਲ ਆਉਣ ਕਰਕੇ ਕਿਸਾਨਾਂ ਨੂੰ ਸ਼ਮਸ਼ਾਨਘਾਟ ’ਚ ਫ਼ਸਲ ਉਤਾਰਨੀ ਪਈ ਹੈ। ਸੰਗਰੂਰ ਦੇ ਪਿੰਡ ਫੁੰਮਣਵਾਲ ਦੇ ਕਿਸਾਨ ਪਰਮ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਕਾਲਾਝਾੜ ਮੰਡੀ ’ਚ ਅਨਾਜ ਦੀ ਚੁਕਾਈ ਦੀ ਉਡੀਕ ਕਰ ਰਿਹਾ ਹੈ। ਉਸ ਮੁਤਾਬਕ ਅਧਿਕਾਰੀ ਕਹਿੰਦੇ ਹਨ ਕਿ ਅਨਾਜ ਭਰਨ ਲਈ ਬਾਰਦਾਨਾ ਨਹੀਂ ਹੈ। ਦੂਜੇ ਪਾਸੇ ਖ਼ੁਰਾਕ ਅਤੇ ਸਪਲਾਈਜ਼ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਕਿਹਾ ਕਿ ਬਾਰਦਾਨੇ ਦੀ ਕੋਈ ਥੁੜ੍ਹ ਨਹੀਂ ਹੈ। ਉਨ੍ਹਾਂ ਦੱਸਿਆ ਕਿ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਦੇ ਮੁਕਾਬਲੇ ਉਨ੍ਹਾਂ ਨੇ 140 ਲੱਖ ਮੀਟਰਿਕ ਟਨ ਫ਼ਸਲ ਵਾਸਤੇ ਬਾਰਦਾਨੇ ਦਾ ਪ੍ਰਬੰਧ ਕੀਤਾ ਹੋਇਆ ਹੈ। ਸੰਗਰੂਰ ਵਿੱਚ ਹਾਲੇ ਵੀ ਬਾਰਦਾਨੇ ਦੀਆਂ 8000 ਤੋਂ ਵੱਧ ਅਣਵਰਤੀਆਂ ਗੱਠਾਂ ਪਈਆਂ ਹਨ ਅਤੇ ਅੱਜ ਹੋਰ 2000 ਗੱਠਾਂ ਭੇਜੀਆਂ ਗਈਆਂ ਹਨ।

LEAVE A REPLY

Please enter your comment!
Please enter your name here