ਨਵੀਂ ਦਿੱਲੀ, 26 ਫਰਵਰੀ

ਭਾਰਤ ਦੇ ਚੋਣ ਕਮਿਸ਼ਨ ਨੇ ਤਿ੍ਣਮੂਲ ਕਾਂਗਰਸ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਆਧਾਰ ਨਾ ਹੋਣ ਦੀ ਸੂਰਤ ’ਚ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੇ ਅਧਿਕਾਰ ਤੋਂ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਨਾ ਹੋਣ ਦੀ ਸੂਰਤ ’ਚ ਵੋਟਰ ਆਪਣਾ ਵੋਟਰ ਪਛਾਣ ਪੱਤਰ ਜਾਂ ਕੋਈ ਹੋਰ ਮਾਨਤਾ ਪ੍ਰਾਪਤ ਦਸਤਾਵੇਜ਼ ਦਿਖਾ ਕੇ ਮਤਦਾਨ ਕਰ ਸਕਦਾ ਹੈ। ਇਹ ਵਿਸ਼ਵਾਸ ਚੋਣ ਕਮਿਸ਼ਨ ਨੇ ਟੀਐਮਸੀ ਵਫਦ ਨੂੰ ਉਸ ਵੇਲੇ ਦਿਵਾਇਆ ਜਦੋਂ ਇਸ ਵਫਦ ਨੇ ਚੋਣ ਕਮਿਸ਼ਨ ਕੋਲ ਪੱਛਮੀ ਬੰਗਾਲ ’ਚ ਵੱਡੀ ਗਿਣਤੀ ਲੋਕਾਂ ਦੇ ਆਧਾਰ ਕਾਰਡ ਰੱਦ ਹੋਣ ਦਾ ਮੁੱਦਾ ਚੁੱਕਿਆ। ਟੀਐਮਸੀ ਵਫਦ ਜਿਸ ਦੀ ਅਗਵਾਈ ਰਾਜ ਸਭਾ ਮੈਂਬਰ ਸੁਖੇਂਦੁ ਸੇਖ਼ਰ ਰੇਅ, ਦੋਲਾ ਸੇਨ ਅਤੇ ਸਕੇਤ ਗੋਖਲੇ ਅਤੇ ਲੋਕ ਸਭਾ ਮੈਂਬਰ ਪ੍ਰਾਤਿਮਾ ਮੋਂਡਲ ਅਤੇ ਸਜਦਾ ਅਹਿਮਦ ਕਰ ਰਹੇ ਸਨ, ਨੇ ਮੁੱਖ ਚੋਣ ਕਮਿਸ਼ਨਰ ਕੋਲ ਵੱਡੀ ਗਿਣਤੀ ਆਧਾਰ ਕਾਰਡਾਂ ਦੇ ਰੱਦ ਹੋਣ ਦਾ ਮੁੱਦਾ ਚੁੱਕਿਆ। ਚੋਣ ਕਮਿਸ਼ਨਰ ਨਾਲ ਮਿਲਣੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਅ ਨੇ ਕਿਹਾ ਕਿ ਕਾਨੂੰਨ ਦੀ ਉਚਿਤ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਪੱਛਮੀ ਬੰਗਾਲ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਦੇ ਆਧਾਰ ਕਾਰਡ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਵਫਦ ਨੂੰ ਭਰੋਸਾ ਦਿਵਾਇਆ ਹੈ ਕਿ ਜੇ ਕਿਸੇ ਵਿਅਕਤੀ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਕੋਈ ਮਾਨਤਾ ਪ੍ਰਾਪਤ ਦਸਤਾਵੇਜ਼ ਦਿਖਾਉਣ ’ਤੇ ਉਸ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। -ਪੀਟੀਆਈ

LEAVE A REPLY

Please enter your comment!
Please enter your name here